Kejriwal in Jail: ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਇੱਕ ਵਾਰ ਫਿਰ ਚਿੰਤਾ ਪ੍ਰਗਟਾਈ ਹੈ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ 21 ਮਾਰਚ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵਜ਼ਨ ਅੱਠ ਕਿਲੋਗ੍ਰਾਮ ਘੱਟ ਗਿਆ ਹੈ। ਇਸ ਤੋਂ ਇਲਾਵਾ, ਏਮਜ਼ ਦੇ ਇੱਕ ਮੈਡੀਕਲ ਬੋਰਡ ਨੇ ਉਨ੍ਹਾਂ ਦੀ ਖੁਰਾਕ ਵਿੱਚ "ਪਰਾਂਠਾ ਤੇ ਪੂਰੀ" ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ।
'ਆਪ' ਨੇ ਕਿਹਾ ਕਿ ਜੇਲ੍ਹ 'ਚ CM ਕੇਜਰੀਵਾਲ ਦਾ ਵਜ਼ਨ ਲਗਾਤਾਰ ਘੱਟਦਾ ਜਾ ਰਿਹਾ ਹੈ। ਹੁਣ ਤੱਕ ਉਨ੍ਹਾਂ ਦਾ 8 ਕਿਲੋ ਵਜ਼ਨ ਘਟ ਚੁੱਕਾ ਹੈ। ਸੀਐਮ ਕੇਜਰੀਵਾਲ ਦਾ ਲਗਾਤਾਰ ਭਾਰ ਘਟਣਾ ਬਹੁਤ ਚਿੰਤਾਜਨਕ ਹੈ। 21 ਮਾਰਚ ਨੂੰ ਗ੍ਰਿਫਤਾਰੀ ਸਮੇਂ ਸੀਐਮ ਕੇਜਰੀਵਾਲ ਦਾ ਵਜ਼ਨ 70 ਕਿਲੋ ਸੀ। ਦੋ ਜੂਨ ਨੂੰ ਭਾਰ ਘਟ ਕੇ 63.5 ਕਿਲੋਗ੍ਰਾਮ ਰਹਿ ਗਿਆ ਤੇ ਸ਼ਨੀਵਾਰ 22 ਜੂਨ ਨੂੰ ਭਾਰ ਹੋਰ ਘਟ ਕੇ 62 ਕਿਲੋ ਹੋ ਗਿਆ।
ਏਮਜ਼ ਨੇ ਅਜੇ ਤੱਕ ਟੈਸਟ ਨਹੀਂ ਕਰਵਾਏ
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਦਿੱਲੀ ਏਮਜ਼ ਦੇ ਮੈਡੀਕਲ ਬੋਰਡ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਉਨ੍ਹਾਂ ਦੇ ਘਟਦੇ ਵਜ਼ਨ ਨੂੰ ਦੇਖਦੇ ਹੋਏ ਆਪਣੀ ਡਾਈਟ 'ਚ ਪਰਾਂਠਾ ਤੇ ਪੂਰੀ ਸ਼ਾਮਲ ਕਰਨ ਲਈ ਕਿਹਾ ਹੈ। ਏਮਜ਼ ਨੇ ਹੁਣ ਤੱਕ ਖੂਨ ਨਾਲ ਸਬੰਧਤ ਕੁਝ ਹੀ ਟੈਸਟ ਕੀਤੇ ਹਨ। ਹਾਰਟ ਤੇ ਕੈਂਸਰ ਨਾਲ ਸਬੰਧਤ ਟੈਸਟ ਅਜੇ ਤੱਕ ਨਹੀਂ ਕੀਤੇ ਗਏ।
ਉਨ੍ਹਾਂ ਕਿਹਾ ਕਿ ਮੈਕਸ ਦੇ ਡਾਕਟਰਾਂ ਨੇ ਸੀਐਮ ਕੇਜਰੀਵਾਲ ਦੇ ਲਗਾਤਾਰ ਭਾਰ ਘਟਣ ਨੂੰ ਗੰਭੀਰ ਮੰਨਿਆ ਸੀ ਤੇ ਕਈ ਟੈਸਟ ਕਰਵਾਉਣ ਲਈ ਕਿਹਾ ਸੀ। ਇਸ ਲਈ ਸੀਐਮ ਕੇਜਰੀਵਾਲ ਨੇ 7 ਦਿਨ ਦੀ ਅੰਤ੍ਰਿਮ ਜ਼ਮਾਨਤ ਵਧਾਉਣ ਦੀ ਮੰਗ ਕੀਤੀ ਸੀ। ਦਰਅਸਲ, ਸੀਐਮ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2 ਜੂਨ ਨੂੰ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਲੋਕ ਸਭਾ ਚੋਣ ਪ੍ਰਚਾਰ ਲਈ ਕੇਜਰੀਵਾਲ ਨੂੰ 21 ਦਿਨਾਂ ਲਈ ਜ਼ਮਾਨਤ ਦਿੱਤੀ ਸੀ ਤੇ 2 ਜੂਨ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ।
ਹਾਈਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ 'ਤੇ ਰੋਕ ਲਾਈ
ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਥਿਤ ਸ਼ਰਾਬ ਘੁਟਾਲੇ ਮਾਮਲੇ 'ਚ ਕੇਜਰੀਵਾਲ ਦੀ ਨਿਯਮਤ ਜ਼ਮਾਨਤ 'ਤੇ ਅੰਤ੍ਰਿਮ ਰੋਕ ਲਾ ਦਿੱਤੀ ਸੀ। 'ਆਪ' ਕਨਵੀਨਰ ਨੂੰ ਹੇਠਲੀ ਅਦਾਲਤ ਨੇ ਨਿਯਮਤ ਜ਼ਮਾਨਤ ਦਿੱਤੀ ਸੀ, ਜਿਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਮਾਮਲੇ ਦੀ ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਮਾਮਲਾ ਰਾਖਵਾਂ ਰੱਖ ਲਿਆ। ਹੁਣ ਕਿਹਾ ਜਾ ਰਿਹਾ ਹੈ ਕਿ ਅਦਾਲਤ ਅਗਲੇ ਹਫਤੇ ਆਪਣਾ ਫੈਸਲਾ ਦੇ ਸਕਦੀ ਹੈ।