Punjab News: ਪੰਜਾਬ ਵਿੱਚ ਗੈਂਗਸਟਰਾਂ ਤੇ ਖਾਲਿਸਤਾਨੀ ਤੱਤਾਂ ਵਿਚਾਲੇ ਗੱਠਜੋੜ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਕੇਂਦਰੀ ਏਜੰਸੀਆਂ ਲਗਾਤਾਰ ਇਸ ਉੱਪਰ ਨਜ਼ਰ ਬਣਾਏ ਹੋਏ ਹਨ। ਇਸ ਲਈ ਪੰਜਾਬ ਪੁਲਿਸ ਨਾਲ ਤਾਲਮੇਲ ਦੀ ਵਿਆਪਕ ਯੋਜਨਾ ਬਣਾਈ ਜਾ ਰਹੀ ਹੈ। ਇਸ ਬਾਰੇ ਦਿੱਲੀ ਵਿੱਚ ਅਹਿਮ ਮੀਟਿੰਗ ਹੋ ਰਹੀ ਹੈ। 


ਹਾਸਲ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਸਾਈਬਰ ਸੁਰੱਖਿਆ, ਨਸ਼ਿਆਂ ਵਿਰੁੱਧ ਜੰਗ ਤੇ ਸਰਹੱਦ ਪਾਰ ਤੋਂ ਖਤਰਿਆਂ ਬਾਰੇ ਚਰਚਾ ਹੋ ਰਹੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਾਰੇ ਰਾਜਾਂ ਦੇ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਮੁਖੀਆਂ ਦੀ ਤਿੰਨ ਦਿਨਾਂ ਮੀਟਿੰਗ ਵਿੱਚ ਖਾਲਿਸਤਾਨੀ ਕੱਟੜਪੰਥੀਆਂ ਦੇ ਖਤਰੇ, ਆਰਥਿਕਤਾ ਨੂੰ ਦਰਪੇਸ਼ ਚੁਣੌਤੀਆਂ, ਕ੍ਰਿਪਟੋਕਰੰਸੀ, ਮਾਓਵਾਦੀ ਹਿੰਸਾ ਤੇ ਉੱਤਰ-ਪੂਰਬ ਵਿੱਚ ਬਗਾਵਤ ਦੇ ਮੁੱਦੇ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। 


ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਸ ਸਾਲਾਨਾ ਬੈਠਕ ਨੂੰ ਸੰਬੋਧਨ ਕਰਨਗੇ, ਜਿਸ 'ਚ ਜੰਮੂ-ਕਸ਼ਮੀਰ ਦੀ ਤਾਜ਼ਾ ਸਥਿਤੀ, ਸਰਹੱਦੀ ਪ੍ਰਬੰਧਨ ਤੇ ਸਮੁੰਦਰੀ ਸੁਰੱਖਿਆ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਬੈਠਕ 'ਚ ਡਾਇਰੈਕਟਰ ਜਨਰਲ (ਡੀਜੀਪੀ) ਤੇ ਇੰਸਪੈਕਟਰ ਜਨਰਲ (ਆਈਜੀਪੀ) ਦੇ ਪੱਧਰ 'ਤੇ ਦੇਸ਼ ਦੇ ਕਰੀਬ 350 ਉੱਚ ਅਧਿਕਾਰੀ ਹਿੱਸਾ ਲੈਣਗੇ।


 


ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਬਣਾ ਰਹੇ ਦਹਿਸ਼ਤ ਦੀ ਹਨ੍ਹੇਰੀ ਝੁਲਾਉਣ ਦੀ ਯੋਜਨਾ


ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦਹਿਸ਼ਤ ਦੀ ਹਨ੍ਹੇਰੀ ਝੁਲਾਉਣ ਦੀ ਯੋਜਨਾ ਬਣਾ ਰਹੇ ਹਨ। ਖੰਨਾ ਵਿੱਚ ਦੋ ਦਿਨ ਪਹਿਲਾਂ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗ੍ਰਿਫਤਾਰ 13 ਸਾਥੀਆਂ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਟਾਰਗੇਟ ਕਿਲਿੰਗ ਦੀ ਪਲਾਨਿੰਗ ਸੀ। ਸੂਤਰਾਂ ਮੁਤਾਬਕ ਇਕੱਲੇ ਲੁਧਿਆਣਾ ਵਿੱਚ ਅੱਧੀ ਦਰਜਨ ਲੀਡਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਸੀ। ਇਨ੍ਹਾਂ ਦੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਦਰਜਨ ਤੋਂ ਵੱਧ ਟਾਰਗੇਟ ਸੀ।



ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਹੀ ਮੁਸਤੈਦੀ ਕਾਰਨ ਵੱਡੀ ਘਟਨਾ ਟਲ ਗਈ ਹੈ। ਪੁਲਿਸ ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਸਬੰਧ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਹਨ। ਕੁਝ ਧਾਰਮਿਕ ਆਗੂ ਵੀ ਬਦਮਾਸ਼ਾਂ ਦੇ ਰਾਡਾਰ 'ਤੇ ਸਨ। ਮੁਲਜ਼ਮ ‘ਟਾਰਗੇਟ ਕਿਲਿੰਗ’ ਨੂੰ ਅੰਜਾਮ ਦੇਣ ਲਈ ਕਾਰ ਜੈਕਿੰਗ ਤੇ ਵਾਹਨ ਲਿਫਟਿੰਗ ਦੀ ਤਿਆਰੀ ਕਰ ਰਹੇ ਸਨ।


ਦੱਸ ਦਈਏ ਕਿ ਪੁਲਿਸ ਦੀ ਸਖਤੀ ਦੇ ਬਾਵਜੂਦ ਗੈਂਗਸਟਰਾਂ ਦੇ ਹੌਸਲੇ ਪਸਤ ਨਹੀਂ ਹੋਏ। ਉਹ ਨਿੱਤ ਨਵੀਂ ਪਲਾਨਿੰਗ ਕਰ ਰਹੇ ਹਨ। ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਪੰਜਾਬ, ਰਾਜਸਥਾਨ ਤੇ ਹਰਿਆਣਾ ’ਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੀ ਪਲਾਨਿੰਗ ਕਰ ਕਰ ਰਹੇ ਹਨ। ਉਹ ਖੁਲਾਸਾ ਖੰਨਾ ਪੁਲਿਸ ਵੱਲੋਂ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਹੋਇਆ ਹੈ। ਇਹ ਸਾਰੇ ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਸਬੰਧਤ ਹਨ।