ਹੜ੍ਹ ਪੀੜਤਾਂ ਲਈ ਡਟਿਆ ਖ਼ਾਲਸਾ ਏਡ, ਅਸਮ 'ਚ ਲਾਇਆ ਲੰਗਰ ਤੇ ਪਹੁੰਚਾਈ ਰਸਦ
ਏਬੀਪੀ ਸਾਂਝਾ | 24 Jul 2019 04:43 PM (IST)
ਖ਼ਾਲਸਾ ਏਡ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਅਸਮ ਵਿੱਚ ਲੰਗਰ ਦੇ ਨਾਲ-ਨਾਲ ਚਾਰ ਹਜ਼ਾਰ ਤੋਂ ਵੱਧ ਪੀੜਤਾਂ ਤਕ ਰਾਸ਼ਨ ਪਹੁੰਚਾਇਆ ਹੈ।
ਚੰਡੀਗੜ੍ਹ: ਪਰਉਪਕਾਰੀ ਸੰਸਥਾ ਖ਼ਾਲਸਾ ਏਡ ਨੇ ਇੱਕ ਵਾਰ ਫਿਰ ਲੋਕਾਂ ਦਾ ਦਿਲ ਜਿੱਤਿਆ ਹੈ। ਖ਼ਾਲਸਾ ਏਡ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਅਸਮ ਵਿੱਚ ਲੰਗਰ ਦੇ ਨਾਲ-ਨਾਲ ਚਾਰ ਹਜ਼ਾਰ ਤੋਂ ਵੱਧ ਪੀੜਤਾਂ ਤਕ ਰਾਸ਼ਨ ਪਹੁੰਚਾਇਆ ਹੈ। ਖ਼ਾਲਸਾ ਏਡ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ 'ਤੇ ਦਿੱਤੀ ਹੈ। ਇਹ ਪਹਿਲੀ ਵਾਰ ਨਹੀਂ ਜਦ ਖ਼ਾਲਸਾ ਏਡ ਨੇ ਕੁਦਰਤੀ ਆਫ਼ਤਾਂ ਕਾਰਨ ਮੁਸ਼ਕਲ ਵਿੱਚ ਫਸੇ ਲੋਕਾਂ ਦੀ ਮਦਦ ਕੀਤੀ ਹੋਵੇ। ਇਸ ਤੋਂ ਪਹਿਲਾਂ ਸੰਸਥਾ ਨੇ ਮਹਾਰਾਸ਼ਟਰ ਦੇ ਸੋਕਾ ਪੀੜਤ ਇਲਾਕੇ ਵਿੱਚ ਪਾਣੀ ਪਹੁੰਚਾਇਆ ਸੀ ਤੇ ਓਡੀਸ਼ਾ ਦੇ ਫਾਨੀ ਤੂਫਾਨ ਤੋਂ ਪੀੜਤ ਲੋਕਾਂ ਦੀ ਵੀ ਮਦਦ ਕੀਤੀ ਸੀ। ਸੰਸਥਾ ਨੇ ਸੀਰੀਆ ਤੋਂ ਲੈ ਕੇ ਇਰਾਕ ਤੇ ਮਿਆਂਮਾਰ ਜਿਹੇ ਦੇਸ਼ਾਂ ਵਿੱਚ ਵੀ ਪਰਉਪਕਾਰੀ ਮਿਸ਼ਨ ਚਲਾਏ ਹਨ। ਹੁਣ ਖ਼ਾਲਸਾ ਏਡ ਅਸਮ ਵਿੱਚ ਕੰਮ ਕਰ ਰਹੀ ਹੈ। ਸੂਬੇ ਦੇ 33 ਵਿੱਚੋਂ 27 ਜ਼ਿਲ੍ਹੇ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਮਾਰ ਹੇਠ ਹਨ। ਇਸ ਕੁਦਰਤੀ ਆਫ਼ਤ ਕਾਰਨ ਤਕਰੀਬਨ 49 ਲੱਖ ਲੋਕ ਆਪਣੇ ਘਰਾਂ ਤੋਂ ਦੂਰ ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਹਨ।