ਨਵੀਂ ਦਿੱਲੀ: ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਤੇ ਬੀਜੇਪੀ ਲੀਡਰ ਕਿਰਨ ਬੇਦੀ ਸਿੱਖਾਂ ਬਾਰੇ 12 ਵਜੇ ਵਾਲੇ ਮਜ਼ਾਕ ਨੂੰ ਲੈ ਕੇ ਵਿਵਾਦਾਂ ਵਿੱਚ ਆ ਗਈ ਹੈ। ਕਿਰਨ ਬੇਦੀ ਨੇ ਇਹ ਮਜ਼ਾਕ ਇੱਕ ਕਾਨਫਰੰਸ ਵਿੱਚ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਲੋਕ ਸ਼ਰੇਆਮ ਉਨ੍ਹਾਂ ਨੂੰ ਅਪਸ਼ਬਦ ਬੋਲ ਰਹੇ ਹਨ। ਵਿਰੋਧ ਤੋਂ ਬਾਅਦ ਕਿਰਨ ਬੇਦੀ ਨੇ ਹੁਣ ਟਵਿੱਟਰ 'ਤੇ ਆਪਣੇ ਵਿਵਹਾਰ ਲਈ ਮੁਆਫੀ ਮੰਗ ਲਈ ਹੈ।
ਕਿਰਨ ਬੇਦੀ ਦੀ ਵੀਡੀਓ ਚੇਨਈ ਦੀ ਹੈ ਤੇ 13 ਜੂਨ ਦੀ ਦੱਸੀ ਜਾ ਰਹੀ ਹੈ। ਉਹ 'ਨਿਰਭਿਕ ਪ੍ਰਸ਼ਾਸਨ' ਕਿਤਾਬ ਦੇ ਲਾਂਚ ਪ੍ਰੋਗਰਾਮ 'ਚ ਪਹੁੰਚੀ ਸੀ। ਇਸ ਦੌਰਾਨ ਕਿਰਨ ਬੇਦੀ ਨੇ ਮਜ਼ਾਕ ਵਿੱਚ ਕਿਹਾ, 'ਹੁਣ ਵਜੇ ਹਨ ਪੂਰੇ 20 ਮਿੰਟ ਘੱਟ 12, ਇੱਥੇ ਕੋਈ ਸਰਦਾਰ ਜੀ ਨਹੀਂ ਹੈ।' ਮੰਗਲਵਾਰ ਨੂੰ ਉਸ ਦਾ ਵੀਡੀਓ ਪੂਰੇ ਭਾਰਤ ਵਿੱਚ ਵਾਇਰਲ ਹੋ ਗਿਆ। ਇਸ ਤੋਂ ਬਾਅਦ ਸਿੱਖਾਂ ਨੇ ਉਸ ਦੇ ਵਿਵਹਾਰ 'ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਕਿਰਨ ਬੇਦੀ ਨੇ ਜਨਤਕ ਤੌਰ 'ਤੇ ਪੋਸਟ ਪਾ ਕੇ ਸਾਰਿਆਂ ਤੋਂ ਮੁਆਫੀ ਮੰਗ ਲਈ ਹੈ।
ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ 'ਚ ਕਿਰਨ ਬੇਦੀ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਲਈ ਸਭ ਤੋਂ ਵੱਧ ਸਨਮਾਨ ਰੱਖਦੀ ਹੈ। ਉਹ ਗੁਰੂ ਨਾਨਕ ਦੇਵ ਜੀ ਦੀ ਭਗਤ ਹੈ। ਉਸ ਨੇ ਪ੍ਰੋਗਰਾਮ ਦੌਰਾਨ ਸਰੋਤਿਆਂ ਦੇ ਸਾਹਮਣੇ ਜੋ ਕਿਹਾ ਆਪਣੀ ਕੀਮਤ 'ਤੇ ਹੀ ਕਿਹਾ (ਕਿਉਂਕਿ ਮੈਂ ਵੀ ਇੱਥੇ ਹਾਂ) ਨੂੰ ਗਲਤ ਨਹੀਂ ਸਮਝਣਾ ਚਾਹੀਦਾ। ਉਹ ਇਸ ਲਈ ਮੁਆਫੀ ਮੰਗਦੀ ਹੈ। ਇਹ ਆਖਰੀ ਵਾਰ ਹੈ ਜਦੋਂ ਉਸ ਨੇ ਕਿਸੇ ਨੂੰ ਚੋਟ ਪਹੁੰਚਾਈ ਹੈ। ਉਹ ਸੇਵਾ ਤੇ ਦਿਆਲਤਾ ਵਿੱਚ ਵਿਸ਼ਵਾਸ ਰੱਖਦੀ ਹੈ।
ਇਸ ਦੇ ਨਾਲ ਹੀ ਕਿਰਨ ਬੇਦੀ ਨੇ ਕੁਝ ਹੋਰ ਪੋਸਟ ਵੀ ਪਾਏ ਹਨ। ਇਸ ਵਿੱਚ ਉਸ ਨੇ ਲੋਕਾਂ ਵੱਲੋਂ ਉਸ ਨੂੰ ਭੇਜੇ ਧਮਕੀ ਭਰੇ ਤੇ ਅਪਮਾਨਜਨਕ ਸੰਦੇਸ਼ਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਕੁਝ ਮੈਸੇਜ ਵੀ ਜਨਤਕ ਕੀਤੇ ਹਨ, ਜਿਸ ਵਿਚ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ ਤੇ ਉਸ ਲਈ ਅਪਮਾਨਜਨਕ ਸ਼ਬਦ ਵੀ ਕਹੇ ਗਏ ਹਨ। ਉਸ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਉਸ ਨੇ ਇਸ ਲਈ ਜਨਤਕ ਤੌਰ 'ਤੇ ਮੁਆਫੀ ਮੰਗ ਲਈ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਧਮਕੀ ਭਰੇ ਸੰਦੇਸ਼ ਮਿਲ ਰਹੇ ਹਨ।