Kisan Andolan 2.0: ਦਿੱਲੀ ਵੱਲ ਜਾ ਰਹੇ ਕਿਸਾਨਾਂ ਉਪਰ ਹਰਿਆਣਾ ਸਰਕਾਰ ਦੀ ਸਖਤੀ ਖਿਲਾਫ ਕਾਂਗਰਸ ਅੱਗੇ ਆਈ ਹੈ। ਕਾਂਗਰਸੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਨ੍ਹਾਂ ਪੁਲਿਸ ਬਲਾਂ ਦੀ ਸਖਤੀ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ। ਇਹ ਕਿਸਾਨ ਮੰਗਲਵਾਰ ਨੂੰ ਸ਼ੰਭੂ ਸਰਹੱਦ 'ਤੇ ਪੁਲਿਸ ਨਾਲ ਝੜਪ 'ਚ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕੇਂਦਰ 'ਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ।




ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਤੇ ਲਾਠੀਚਾਰਜ ਵੀ ਕੀਤਾ ਗਿਆ। ਇਸ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ’ਤੇ ਡ੍ਰੋਨ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਤੇ ਰਬੜ ਦੀਆਂ ਗੋਲੀਆਂ ਦੀ ਬੁਛਾੜ ਕੀਤੀ ਗਈ ਜਿਸ ਕਾਰਨ 100 ਦੇ ਕਰੀਬ ਕਿਸਾਨ ਤੇ ਹੋਰ ਜ਼ਖ਼ਮੀ ਹੋ ਗਏ। 


ਜ਼ਖ਼ਮੀਆਂ ਵਿੱਚ ਅੱਧੀ ਦਰਜਨ ਪੱਤਰਕਾਰ ਵੀ ਸ਼ਾਮਲ ਹਨ ਪਰ ਇਸ ਜੱਦੋਜਹਿਦ ਦੌਰਾਨ ਕਿਸਾਨ ਕੌਮੀ ਮਾਰਗ ’ਤੇ ਲਾਈ ਕੰਡਿਆਲੀ ਤਾਰ ਤੇ ਪੱਥਰ ਦੇ ਬੈਰੀਕੇਡ ਪੁੱਟਣ ਵਿੱਚ ਸਫ਼ਲ ਰਹੇ। ਹੁਣ ਅੱਜ ਕਿਸਾਨਾਂ ਦਾ ਪੇਚਾ ਲੋਹੇ ਦੀਆਂ ਕਿੱਲਾਂ ਤੇ ਕੰਕਰੀਟ ਦੀਆਂ ਕੰਧਾਂ ਨਾਲ ਪਵੇਗਾ। 26 ਜ਼ਖ਼ਮੀਆਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ। 


ਹਸਪਤਾਲ ਵਿੱਚ ਜ਼ੇਰੇ ਇਲਾਜ ਕਰਨਵੀਰ ਸਿੰਘ ਦੀ ਅੱਖ ਪਾਣੀ ਦੀ ਬੁਛਾੜ ਕਾਰਨ ਨੁਕਸਾਨੀ ਗਈ। ਉਸ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਉਸ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਜਦੋਂ ਉਹ ਡਿੱਗ ਗਿਆ ਤਾਂ ਉਸ ਉਪਰ ਲਾਠੀਚਾਰਜ ਕੀਤਾ ਗਿਆ। ‘ਦਿੱਲੀ ਚੱਲੋ’ ਦਾ ਹੋਕਾ ਦੇਣ ਵਾਲੇ ਮੋਰਚੇ ਦੇ ਆਗੂਆਂ ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਕੂਮਤਾਂ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।