ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕਿਸਾਨਾਂ ਵੱਲੋਂ ਕੀਤੀ ਗਈ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਮਗਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਵੀ ਦੀਪ ਸਿੱਧੂ ਤੇ ਹੀ ਦੋਸ਼ ਮੜੇ ਹਨ। ਪੰਧੇਰ ਨੇ ਕਿਹਾ ਉਨ੍ਹਾਂ ਦੀ ਜਥੇਬੰਦੀ ਦਾ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ।

ਇੱਕ ਪ੍ਰੈੱਸ ਕਾਨਫੰਰਸ ਨੂੰ ਸੰਬੋਧਿਤ ਕਰਦੇ ਹੋਏ ਪੰਧੇਰ ਨੇ ਕਿਹਾ,"ਜੋ ਵੀ ਹੋਇਆ, ਇਸ ਲਈ ਸਾਨੂੰ ਖੇਦ ਹੈ। ਸਾਡੀ ਸਾਖ ਨੂੰ ਠੇਸ ਪਹੁੰਚੀ ਹੈ। ਸਾਨੂੰ ਬਦਨਾਮ ਕੀਤਾ ਗਿਆ ਹੈ। ਅਸੀਂ ਲੋਕਾ ਨੂੰ ਅਪੀਲ ਕੀਤੀ ਤੇ ਸਾਡੇ ਵਲੰਟੀਅਰਾਂ ਨੇ ਸਾਰੇ ਟਰੈਕਟਰ ਦਿੱਲੀ ਤੋਂ ਵਾਪਸ ਮੋੜੇ ਹਨ।"

ਪੰਧੇਰ ਨੇ ਦੀਪ ਸਿੱਧੂ ਤੇ ਦੋਸ਼ ਲਾਉਂਦੇ ਹੋਏ ਕਿਹਾ, "ਦੀਪ ਸਿੱਧੂ ਪਹਿਲਾਂ ਹੀ ਲਾਲ ਕਿਲ੍ਹੇ ਪਹੁੰਚਿਆ ਹੋਇਆ ਸੀ। ਉਹ ਏਜੰਸੀਆਂ ਦਾ ਬੰਦਾ ਹੈ। ਉਹ ਸਾਧਾਰਨ ਲੋਕਾਂ ਨੂੰ ਵਰਗਲਾ ਕੇ ਲੈ ਗਿਆ ਤੇ ਕਿਸਾਨ ਅੰਦੋਲਨ ਦੀ ਬਦਨਾਮੀ ਕੀਤੀ। ਸਾਡੀ ਲੀਡਰਸ਼ਿਪ ਦਾ ਕੋਈ ਵੀ ਬੰਦਾ ਲਾਲ ਕਿਲ੍ਹੇ ਵਾਲੀ ਘਟਨਾ ਵਿੱਚ ਸ਼ਾਮਲ ਨਹੀਂ ਸੀ। ਅਸੀਂ ਮਜਨੂੰ ਕੀ ਟਿਲਾ ਤੋਂ ਜਿਨ੍ਹੇ ਟਰੈਕਟਰ ਹੋ ਸਕੇ, ਮੋੜ ਹਨ। ਸਾਨੂੰ ਇਹ ਅੰਦੇਸ਼ਾ ਨਹੀਂ ਸੀ ਕਿ ਇਹ ਹੋਵੇਗਾ। ਇਹ ਸਭ ਦੀਪ ਸਿੱਧੂ ਦੀ ਸਾਜਿਸ਼ ਸੀ।"