Kolkata Metro Video: ਅੱਜ ਹਰ ਇੱਕ ਭਾਰਤੀ ਲਈ ਬਹੁਤ ਹੀ ਖ਼ਾਸ ਦਿਨ ਹੋਣ ਦੇ ਨਾਲ ਮਾਣ ਮਹਿਸੂਸ ਕਰਨ ਵਾਲਾ ਦਿਨ ਹੈ। ਕੋਲਕਾਤਾ ਮੈਟਰੋ ਨੇ ਗੰਗਾ (ਹੁਗਲੀ) ਨਦੀ ਦੇ ਹੇਠਾਂ ਤੋਂ ਹਾਵੜਾ ਮੈਦਾਨ ਤੱਕ ਪਹਿਲੇ ਮੈਟਰੋ ਰੇਕ ਨੂੰ ਲਿਜਾ ਕੇ ਇਤਿਹਾਸ ਰਚਿਆ। ਲੰਬੇ ਇੰਤਜ਼ਾਰ ਤੋਂ ਬਾਅਦ ਬੁੱਧਵਾਰ ਨੂੰ ਦੇਸ਼ ਦੀ ਪਹਿਲੀ ਮੈਟਰੋ ਟਰੇਨ ਗੰਗਾ ਨਦੀ ਦੇ ਹੇਠਾਂ ਚੱਲੀ। ਇਹ ਭਾਰਤ ਦਾ ਪਹਿਲਾ ਅੰਡਰਵਾਟਰ ਮੈਟਰੋ ਪ੍ਰੋਜੈਕਟ ਹੈ। ਇਸ ਇਤਿਹਾਸਕ ਪਲ ਨੂੰ ਕੋਲਕਾਤਾ ਮੈਟਰੋ ਰੇਲਵੇ ਦੇ ਜਨਰਲ ਮੈਨੇਜਰ ਪੀ. ਉਦੈ ਕੁਮਾਰ ਰੈੱਡੀ ਨੇ ਦੇਖਿਆ।


ਇਸ ਦੌਰਾਨ ਰੈੱਡੀ ਦੇ ਨਾਲ ਮੈਟਰੋ ਦੇ ਐਡੀਸ਼ਨਲ ਜਨਰਲ ਮੈਨੇਜਰ ਐਚ.ਐਨ ਜੈਸਵਾਲ, ਕੋਲਕਾਤਾ ਮੈਟਰੋ ਰੇਲਵੇ ਕਾਰਪੋਰੇਸ਼ਨ ਲਿਮਟਿਡ (ਕੇਐਮਆਰਸੀਐਲ) ਦੇ ਐਮਡੀ ਅਤੇ ਮੈਟਰੋ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਰੇਲਗੱਡੀ ਦੇ ਆਉਣ ਤੋਂ ਬਾਅਦ ਰੈੱਡੀ ਨੇ ਹਾਵੜਾ ਸਟੇਸ਼ਨ 'ਤੇ ਪੂਜਾ ਵੀ ਕੀਤੀ ਗਈ।


ਬਾਅਦ ਵਿੱਚ, ਰੇਕ ਨੰਬਰ MR-613 ਨੂੰ ਵੀ ਹਾਵੜਾ ਮੈਦਾਨ ਸਟੇਸ਼ਨ 'ਤੇ ਲਿਜਾਇਆ ਗਿਆ। ਇਸ ਨੂੰ ਇਤਿਹਾਸਕ ਘਟਨਾ ਦੱਸਦਿਆਂ ਜਨਰਲ ਮੈਨੇਜਰ ਨੇ ਦੱਸਿਆ ਕਿ ਹਾਵੜਾ ਮੈਦਾਨ ਤੋਂ ਐਸਪਲੇਨੇਡ ਤੱਕ ਟਰਾਇਲ ਰਨ ਅਗਲੇ ਸੱਤ ਮਹੀਨਿਆਂ ਤੱਕ ਜਾਰੀ ਰਹੇਗੀ ਅਤੇ ਉਸ ਤੋਂ ਬਾਅਦ ਇਸ ਸੈਕਸ਼ਨ 'ਤੇ ਨਿਯਮਤ ਸੇਵਾਵਾਂ ਸ਼ੁਰੂ ਹੋ ਜਾਣਗੀਆਂ। KMRCL ਦੇ ਸਾਰੇ ਕਰਮਚਾਰੀ, ਇੰਜਨੀਅਰ ਜਿਨ੍ਹਾਂ ਦੇ ਯਤਨਾਂ ਅਤੇ ਨਿਗਰਾਨੀ ਹੇਠ ਇਹ ਇੰਜਨੀਅਰਿੰਗ ਚਮਤਕਾਰ ਪ੍ਰਾਪਤ ਹੋਇਆ ਹੈ, ਖੁਸ਼ ਹਨ ਕਿ ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ ਹੈ।


ਇਤਿਹਾਸਕ ਪਲ ਰਿਹਾ ਹੈ


ਮੈਟਰੋ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੌਸ਼ਿਕ ਮਿੱਤਰਾ ਨੇ ਕਿਹਾ ਹੈ ਕਿ ਇਹ ਮੈਟਰੋ ਰੇਲਵੇ ਲਈ ਇਤਿਹਾਸਕ ਪਲ ਹੈ ਕਿਉਂਕਿ ਅਸੀਂ ਕਈ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਹੁਗਲੀ ਨਦੀ ਦੇ ਹੇਠਾਂ ਰੇਕ ਚਲਾਉਣ ਦੇ ਯੋਗ ਹੋਏ ਹਾਂ। ਕੋਲਕਾਤਾ ਅਤੇ ਇਸਦੇ ਉਪਨਗਰਾਂ ਦੇ ਲੋਕਾਂ ਨੂੰ ਇੱਕ ਆਧੁਨਿਕ ਆਵਾਜਾਈ ਪ੍ਰਣਾਲੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਕ੍ਰਾਂਤੀਕਾਰੀ ਕਦਮ ਹੈ। ਇਹ ਅਸਲ ਵਿੱਚ ਬੰਗਾਲ ਦੇ ਲੋਕਾਂ ਨੂੰ ਬੰਗਲਾ ਨਵੇਂ ਸਾਲ 'ਤੇ ਭਾਰਤੀ ਰੇਲਵੇ ਦਾ ਇੱਕ ਵਿਸ਼ੇਸ਼ ਤੋਹਫ਼ਾ ਹੈ।


ਕੋਲਕਾਤਾ ਦੇ ਐਸਪਲੇਨੇਡ ਸਟੇਸ਼ਨ ਤੋਂ ਅੱਜ ਹਾਵੜਾ ਮੈਦਾਨ ਸਟੇਸ਼ਨ ਤੱਕ ਦੋ ਮੈਟਰੋ ਰੇਕ ਭੇਜੇ ਗਏ, ਹਾਵੜਾ ਮੈਦਾਨ ਤੋਂ ਐਸਪਲੇਨੇਡ ਤੱਕ 4.8 ਕਿਲੋਮੀਟਰ ਭੂਮੀਗਤ ਸੈਕਸ਼ਨ 'ਤੇ ਟ੍ਰਾਇਲ ਰਨ ਜਲਦੀ ਸ਼ੁਰੂ ਹੋਵੇਗਾ। ਇਸ ਸੈਕਸ਼ਨ 'ਤੇ ਵਪਾਰਕ ਸੇਵਾਵਾਂ ਇਸ ਸਾਲ ਹੀ ਸ਼ੁਰੂ ਹੋਣ ਦੀ ਉਮੀਦ ਹੈ। ਇੱਕ ਵਾਰ ਜਦੋਂ ਇਹ ਸੈਕਸ਼ਨ ਖੁੱਲ੍ਹਦਾ ਹੈ, ਤਾਂ ਹਾਵੜਾ ਦੇਸ਼ ਦਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਬਣ ਜਾਵੇਗਾ (ਸਤਿਹ ਤੋਂ 33 ਮੀਟਰ ਹੇਠਾਂ)। ਮੈਟਰੋ ਹੁਗਲੀ ਨਦੀ ਦੇ ਹੇਠਾਂ 45 ਸਕਿੰਟਾਂ ਵਿੱਚ 520 ਮੀਟਰ ਦੇ ਹਿੱਸੇ ਨੂੰ ਕਵਰ ਕਰਨ ਦੀ ਉਮੀਦ ਹੈ। ਨਦੀ ਦੇ ਹੇਠਾਂ ਬਣੀ ਇਹ ਸੁਰੰਗ ਪਾਣੀ ਦੇ ਪੱਧਰ ਤੋਂ 32 ਮੀਟਰ ਹੇਠਾਂ ਹੈ। ਇਨ੍ਹਾਂ ਸਾਰੇ ਪਲਾਂ ਨੂੰ ਮੈਟਰੋ ਦੀ ਟੀਮ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਿਆ। ਇਸ ਵੀਡੀਓ ਨੂੰ ਟਵਿੱਟਰ ਉੱਤੇ ਸ਼ੇਅਰ ਕੀਤਾ ਹੈ। ਯੂਜ਼ਰਸ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।