ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਧਾਨੀ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਪੁਲਿਸ ਵਾਲਿਆਂ ਨੂੰ ਹੀ ਇੱਕ ਡਰੱਗ ਤਸਕਰੀ ਦੇ ਮਾਮਲੇ 'ਚ ਫੜਿਆ ਗਿਆ ਹੈ। ਦੋਵੇਂ ਮੁਲਜ਼ਮ ਕੋਲਕਾਤਾ ਪੁਲਿਸ 'ਚ ਹੀ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਹਨ। ਇਨ੍ਹਾਂ ਦੇ ਨਾਲ ਪੁਲਿਸ ਨੇ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਸਪੈਸ਼ਲ ਟਾਸਕ ਫੋਰਸ ਮੁਤਾਬਕ ਕੋਲਕਾਤਾ ਦੇ ਸਾਊਥ ਪੋਰਟ ਥਾਣੇ ਦੇ ਅੰਤਰਗਤ ਸਟੈਂਡ ਰੋਡ 'ਤੇ ਪੈਟਨ ਦੇ ਕੋਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੀ ਤਲਾਸ਼ੀ ਲੈਣ ਤੇ ਇਨ੍ਹਾਂ ਕੋਲੋਂ ਇਕ ਕਿੱਲੋਗ੍ਰਾਮ ਤੋਂ ਵੀ ਜ਼ਿਆਦਾ ਹੈਰੋਇਨ ਬਰਾਾਮਦ ਹੋਈ। ਤਿੰਨਾਂ ਦੇ ਨਾਂਅ ਫਨੀ ਵਿਸ਼ਵਾਸ, ਰਾਜੂ ਵਿਸ਼ਵਾਸ ਤੇ ਸੰਬਿਤ ਰਾਏ ਹੈ।
ਸੰਬਿਤ ਰਾਏ ਮੂਲ ਰੂਪ ਤੋਂ ਓੜੀਸਾ ਦਾ ਹੈ ਜੋ ਨਸ਼ੇ ਦਾ ਮਾਲ ਲੈਕੇ ਵਾਪਸ ਜਾਣ ਦੀ ਤਿਆਰੀ 'ਚ ਸੀ। ਇਸ ਤੋਂ ਇਲਾਵਾ ਦੋਵੇਂ ਮੁਲਜ਼ਮ ਕੋਲਕਾਤਾ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਤੋਂ ਪੁੱਛਗਿਛ 'ਚ ਤਿੰਨ ਹੋਰ ਲੋਕਾਂ ਬਾਰੇ ਦੱਸਿਆ।
ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਤਿੰਨ ਹੋਰ ਲੋਕਾਂ ਨੂੰ ਵੀ ਬਨਗਾਂਵ ਤੋਂ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ। ਪਰ ਦੋ ਲੋਕ ਫਰਾਰ ਹੋਣ 'ਚ ਕਾਮਯਾਬ ਰਹੇ। ਜਦਕਿ ਇਕ ਨੂੰ ਪੁਲਿਸ ਨੇ ਮੌਕੇ 'ਤੇ ਹੀ ਦਬੋਚ ਲਿਆ। ਹਾਲਾਂਕਿ ਕੁਝ ਸਮੇਂ ਬਾਅਦ ਪੁਲਿਸ ਨੇ ਫਰਾਰ ਹੋਣ ਵਾਲਿਆਂ ਨੂੰ ਵੀ ਫੜ ਲਿਆ।
ਪੁਲਿਸ ਨੂੰ ਉਦੋਂ ਹੈਰਾਨੀ ਹੋਈ ਜਦੋਂ ਪਤਾ ਲੱਗਾ ਕਿ ਜਿੰਨ੍ਹਾਂ ਲੋਕਾਂ ਦੀ ਉਹ ਭਾਲ ਕਰ ਰਹੇ ਸਨ ਉਸ 'ਚ ਦੋ ਕੋਲਕਾਤਾ ਪੁਲਿਸ 'ਚ ਹੀ ਕਾਂਸਟੇਬਲ ਹਨ। ਇਨ੍ਹਾਂ ਦੇ ਸਬੰਧ ਇਲਾਕੇ ਦੇ ਡਰੱਗ ਮਾਫੀਆ ਨਾਲ ਸਨ। ਪੁਲਿਸ ਨੂੰ ਇਨ੍ਹਾਂ ਕੋਲੋਂ ਗਹਿਣੇ, ਮੋਬਾਇਲ ਫੋਨ ਤੇ ਨਕਦੀ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਮਹਿਕਮੇ 'ਚ ਹੜਕੰਪ ਮੱਚਿਆ ਹੋਇਆ ਹੈ।