Kolkata Warehouse Collapse : ਪੱਛਮੀ ਕੋਲਕਾਤਾ ਦੇ ਤਾਰਾਤਲਾ ਇਲਾਕੇ ਵਿੱਚ ਬੁੱਧਵਾਰ (24 ਜੂਨ 2026) ਦੁਪਹਿਰ ਸਮੇਂ ਇੱਕ ਨਿਰਮਾਣ ਅਧੀਨ ਗੋਦਾਮ ਦੀ ਛੱਤ ਅਚਾਨਕ ਡਿੱਗ ਗਈ, ਜਿਸ ਕਾਰਨ ਕਰੀਬ 50 ਤੋਂ 60 ਲੋਕ ਮਲਬੇ ਹੇਠਾਂ ਦੱਬ ਗਏ। ਘਟਨਾ ਤੋਂ ਬਾਅਦ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹੁਣ ਤੱਕ 9 ਜ਼ਖ਼ਮੀਆਂ ਨੂੰ SSKM ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Continues below advertisement

ਕੋਲਕਾਤਾ ਪੁਲਿਸ ਨੇ ਦੱਸਿਆ ਕਿ ਤਾਰਾਤਲਾ ਇਲਾਕੇ ਵਿੱਚ ਬ੍ਰੇਸ ਬ੍ਰਿਜ਼ ਨੇੜੇ ਟਰਾਂਸਪੋਰਟ ਡਿਪੋ ਰੋਡ 'ਤੇ ਸਥਿਤ ਇਸ ਗੋਦਾਮ ਦੀ ਛੱਤ ਅਚਾਨਕ ਡਿੱਗ ਗਈ। ਪੁਲਿਸ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਹਾਦਸੇ ਦੇ ਸਮੇਂ ਕਈ ਮਜ਼ਦੂਰ ਉੱਥੇ ਕੰਮ ਕਰ ਰਹੇ ਸਨ।

Continues below advertisement

ਅਧਿਕਾਰੀਆਂ ਮੁਤਾਬਕ ਕੋਲਕਾਤਾ ਪੁਲਿਸ, ਡਿਜਾਸਟਰ ਮੈਨੇਜਮੈਂਟ ਗਰੁੱਪ, ਸਿਵਲ ਡਿਫੈਂਸ ਅਤੇ ਫਾਇਰ ਐਂਡ ਐਮਰਜੈਂਸੀ ਸਰਵਿਸ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ। ਫੌਜ ਦੇ ਜਵਾਨ ਵੀ ਰੈਸਕਿਊ ਆਪਰੇਸ਼ਨ ਵਿੱਚ ਮਦਦ ਕਰ ਰਹੇ ਹਨ। ਮਲਬੇ ਹੇਠਾਂ ਫਸੇ ਲੋਕਾਂ ਨੂੰ ਕੱਢਣ ਲਈ ਕਰੇਨਾਂ ਅਤੇ ਭਾਰੀ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਨਿਰਮਾਣ ਕੰਮ ਵਿੱਚ ਲੱਗੇ ਹੋਏ ਸਨ। ਇਸੇ ਦੌਰਾਨ ਗੋਦਾਮ ਦੀ ਛੱਤ ਦਾ ਇੱਕ ਵੱਡਾ ਹਿੱਸਾ ਅਚਾਨਕ ਢਹਿ ਗਿਆ। ਭਾਰੀ ਮਲਬਾ ਡਿੱਗਣ ਨਾਲ ਮੌਕੇ 'ਤੇ ਹੜਕੰਪ ਮਚ ਗਿਆ ਅਤੇ ਕਈ ਲੋਕ ਇਸ ਹੇਠਾਂ ਫਸ ਗਏ।

BJP ਨੇਤਾ ਦਾ ਦਾਅਵਾ - 5 ਲੋਕਾਂ ਦੀ ਮੌਤ

ਨਿਊਜ਼ ਏਜੰਸੀ IANS ਮੁਤਾਬਕ BJP ਨੇਤਾ ਰਾਕੇਸ਼ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ, "ਪੰਜ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ।" ਹਾਲਾਂਕਿ ਪ੍ਰਸ਼ਾਸਨ ਵੱਲੋਂ ਮੌਤਾਂ ਦੀ ਗਿਣਤੀ ਬਾਰੇ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।

ਇਸ ਦੌਰਾਨ ਪੱਛਮੀ ਬੰਗਾਲ ਸਰਕਾਰ ਦੇ ਮੰਤਰੀ ਇੰਦਰਨੀਲ ਖਾਨ ਨੇ ਘਟਨਾ ਸਥਲ ਦਾ ਦੌਰਾ ਕਰਕੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ, "ਸਾਡੀ ਪਹਿਲੀ ਤਰਜੀਹ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ। ਸਾਰੀਆਂ ਰੈਸਕਿਊ ਟੀਮਾਂ ਮੌਕੇ 'ਤੇ ਮੌਜੂਦ ਹਨ।"

ਸਥਾਨਕ ਲੋਕਾਂ ਦੇ ਮੁਤਾਬਕ ਛੱਤ ਡਿੱਗਣ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ ਸੀ। ਕੁਝ ਹੀ ਮਿੰਟਾਂ ਵਿੱਚ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਸ਼ੁਰੂਆਤੀ ਰਾਹਤ ਕਾਰਜ ਵਿੱਚ ਮਦਦ ਕਰਨ ਲੱਗ ਪਏ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਾਦਸਾ ਇੰਨਾ ਅਚਾਨਕ ਵਾਪਰਿਆ ਕਿ ਮਜ਼ਦੂਰਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ।