ਨਵੀਂ ਦਿੱਲੀ: ਪ੍ਰਾਈਵੇਟ ਸੈਕਟਰ ਦੇ ਕੋਟਕ ਮਹਿੰਦਰਾਂ ਨੇ 25 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਪੈਕੇਜ ਵਾਲੇ ਕਰਮਚਾਰੀਆਂ ਦੀ ਤਨਖ਼ਾਹ 'ਚ 10 ਫੀਸਦ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਸੰਕਟ ਕਾਰਨ ਬਣੇ ਹਾਲਾਤ ਨੂੰ ਦੇਖਦਿਆਂ ਬੈਂਕ ਨੇ ਇਹ ਫੈਸਲਾ ਲਿਆ ਹੈ। ਕੁਝ ਹਫ਼ਤੇ ਪਹਿਲਾਂ ਹੀ ਬੈਂਕ ਦੇ ਟੌਪ ਮੈਨੇਜਮੈਂਟ ਅਧਿਕਾਰੀਆਂ ਨੇ 2020-21 ਲਈ ਆਪਣੀ ਤਨਖ਼ਾਹ 'ਚ ਸਵੈ ਇੱਛਾ ਤਹਿਤ 15 ਫੀਸਦ ਕਟੌਤੀ ਦਾ ਐਲਾਨ ਕੀਤਾ।
ਕੋਰੋਨਾ ਵਾਇਰਸ ਦਾ ਅਰਥਵਿਵਸਥਾ 'ਤੇ ਬੁਰਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਇਸ ਲਈ ਕਾਰਪੋਰੇਟ ਘਰਾਣੇ ਤਨਖ਼ਾਹਾਂ 'ਚ ਕਟੌਤੀ ਕਰ ਰਹੇ ਹਨ ਤੇ ਕਈਆਂ ਨੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕਨੌਮੀ ਦੀ ਰਿਪੋਰਟ ਮੁਤਾਬਕ ਦੇਸ਼ 'ਚ ਬੇਰੋਜ਼ਗਾਰੀ ਦਰ ਤਿੰਨ ਮਈ ਦੇ ਹਫ਼ਤੇ 'ਚ 27 ਫੀਸਦ ਤਕ ਪਹੁੰਚ ਗਈ।
ਕੋਟਕ ਗਰੁਪ ਦੇ ਐਚਆਰਡੀ ਸੁਖਜੀਤ ਐਸ ਪਸਰੀਚਾ ਨੇ ਬੈਂਕ ਦੇ ਕਰਮਚਾਰੀਆਂ ਨੂੰ ਭੇਜੇ ਸੰਦੇਸ਼ 'ਚ ਕਿਹਾ ਕਿ ਤਨਖ਼ਾਹ 'ਚ ਕਟੌਤੀ ਦਾ ਫੈਸਲਾ ਕਾਰੋਬਾਰ ਨੂੰ ਬਚਾਈ ਰੱਖਣ ਲਈ ਕੀਤਾ ਗਿਆ ਹੈ। ਇਹ ਕਟੌਤੀ ਮਈ 2020 ਤੋਂ ਲਾਗੂ ਹੋਵੇਗੀ।