Khalistani Flags in Himachal: ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਧਰਮਸ਼ਾਲਾ 'ਚ ਤਪੋਵਨ ਸਥਿਤ ਸਿੱਧਬਾੜੀ ਵਿਧਾਨ ਸਭਾ ਭਵਨ ਦੇ ਮੁੱਖ ਦੁਆਰ 'ਤੇ ਐਤਵਾਰ ਸਵੇਰੇ ਖਾਲਿਸਤਾਨ ਦੇ ਝੰਡੇ ਲੱਗੇ ਦੇਖੇ ਗਏ। ਇਹ ਝੰਡੇ ਵਿਧਾਨ ਸਭਾ ਦੀ ਕੰਧ ਤੇ ਮੁੱਖ ਗੇਟ ਨਾਲ ਬੰਨ੍ਹੇ ਹੋਏ ਪਾਏ ਗਏ। ਇਸ ਦੇ ਨਾਲ ਹੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਇਸ 'ਤੇ ਟਿੱਪਣੀਆਂ ਕਰ ਰਹੀਆਂ ਹਨ।

ਇਸੇ ਕੜੀ 'ਚ ਕਵੀ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ, ਫਿਰ ਤੋਂ ਕਹਿ ਰਿਹਾ ਹਾਂ। ਕੁਮਾਰ ਵਿਸ਼ਵਾਸ ਨੇ 'ਏਬੀਪੀ ਨਿਊਜ਼' ਦੇ ਕਲਿੱਪ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ ਤੇ ਕਿਹਾ, "ਦੇਸ਼ ਮੇਰੀ ਚੇਤਾਵਨੀ ਨੂੰ ਯਾਦ ਰੱਖੇ। ਪੰਜਾਬ ਚੋਣਾਂ ਵੇਲੇ ਕਿਹਾ ਸੀ, ਹੁਣ ਉਨ੍ਹਾਂ ਦੀ ਦੂਜੇ ਸੂਬੇ 'ਤੇ ਨਜ਼ਰ ਹੈ। ਮੈਂ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ, ਫਿਰ ਕਹਿ ਰਿਹਾ ਹਾਂ।"





ਦਰਅਸਲ, ਪੰਜਾਬ ਚੋਣਾਂ ਦੌਰਾਨ ਕੁਮਾਰ ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ ਬਾਰੇ ਖੁੱਲ੍ਹ ਕੇ ਕਿਹਾ ਸੀ ਕਿ ਉਹ ਵੱਖਰਾ ਖਾਲਿਸਤਾਨ ਦੇਸ਼ ਬਣਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਹੁਣ ਹਿਮਾਚਲ 'ਚ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕੁਮਾਰ ਵਿਸ਼ਵਾਸ ਨੇ ਬਿਨਾਂ ਨਾਮ ਲਏ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ।

ਸੈਲਾਨੀਆਂ ਦੀ ਹੋ ਸਕਦੀ ਹਰਕਤ- ਪੁਲਿਸ
ਦੱਸ ਦੇਈਏ ਕਿ ਹਿਮਾਚਲ ਵਿੱਚ ਖਾਲਿਸਤਾਨ ਦੇ ਝੰਡੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਦੇਰ ਰਾਤ ਜਾਂ ਐਤਵਾਰ ਸਵੇਰੇ ਵਾਪਰੀ ਹੋਵੇਗੀ। ਕਾਂਗੜਾ ਦੇ ਐਸਪੀ ਕੁਸ਼ਲ ਸ਼ਰਮਾ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਗੇਟ ਤੋਂ ਖਾਲਿਸਤਾਨੀ ਝੰਡੇ ਹਟਾ ਦਿੱਤੇ ਹਨ। ਇਹ ਪੰਜਾਬ ਦੇ ਕੁਝ ਸੈਲਾਨੀਆਂ ਦਾ ਕਾਰਨਾਮਾ ਹੋ ਸਕਦਾ ਹੈ। ਅਸੀਂ ਅੱਜ ਹੀ ਇਸ 'ਤੇ ਕੇਸ ਦਰਜ ਕਰਾਂਗੇ।