ਨਵਰਾਤਰੀ ਦੇ ਦੌਰਾਨ ਕੁੱਟੂ ਦਾ ਆਟਾ ਖਾਣ ਵਾਲੇ ਲੋਕਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਦਿੱਲੀ ਵਿੱਚ ਕੁੱਟੂ ਦਾ ਆਟਾ ਖਾਣ ਨਾਲ 200 ਲੋਕਾਂ ਦੀ ਸਿਹਤ ਬਿਗੜ ਗਈ ਹੈ। ਜਾਣਕਾਰੀ ਮੁਤਾਬਕ, ਦਿੱਲੀ ਦੇ ਜਹਾਂਗੀਰਪੁਰੀ, ਮਹਿੰਦਰ ਪਾਰਕ, ਸਮੈਯਪੁਰ, ਭਲਸਵਾ ਡੇਅਰੀ, ਲਾਲ ਬਾਗ ਅਤੇ ਹੋਰ ਇਲਾਕਿਆਂ ਵਿੱਚ ਕੁੱਟੂ ਦਾ ਆਟਾ ਖਾਣ ਵਾਲਿਆਂ ਨੂੰ ਉਲਟੀ ਅਤੇ ਦਸਤ ਦੀ ਸਮੱਸਿਆ ਹੋਈ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਨਾਗਰਿਕਾਂ ਨੂੰ ਸਾਵਧਾਨੀ ਵਰਤਨ ਦੀ ਦਿੱਤੀ ਗਈ ਸਲਾਹ
ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ, ਜਿਸ ਦੇ ਬਾਅਦ ਪੁਲਿਸ ਨੇ ਫੂਡ ਡਿਪਾਰਟਮੈਂਟ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ। ਸਰਕਾਰ ਅਤੇ ਸਿਹਤ ਵਿਭਾਗ ਇਸ ਮਾਮਲੇ ਦੀ ਛੇਤੀ ਜਾਂਚ ਕਰ ਰਹੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਖਾਦ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਨਾਗਰਿਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਵਧੇਰੇ ਸਾਵਧਾਨ ਰਹਿਣ ਅਤੇ ਸਿਰਫ਼ ਭਰੋਸੇਯੋਗ ਸਰੋਤਾਂ ਤੋਂ ਹੀ ਕੁੱਟੂ ਦਾ ਆਟਾ ਖਰੀਦਣ।
ਪਿਛਲੇ ਸਾਲ ਪੰਜਾਬ 'ਚ ਵੀ ਲੋਕ ਹੋਏ ਸੀ ਬਿਮਾਰ
ਦੱਸਣਾ ਯੋਗ ਹੈ ਕਿ ਇਹ ਘਟਨਾ ਪਹਿਲੀ ਵਾਰੀ ਨਹੀਂ ਹੋਈ। ਪਿਛਲੀ ਵਾਰ ਪੰਜਾਬ ਦੇ ਜ਼ਿਲ੍ਹਾ ਜਲਾਲਾਬਾਦ ਵਿੱਚ ਨਵਰਾਤਰੀ ਦੇ ਦੌਰਾਨ ਵ੍ਰਤ ਵਾਲਾ ਕੁੱਟੂ ਦਾ ਆਟਾ ਖਾਣ ਨਾਲ 23 ਲੋਕਾਂ ਦੀ ਸਿਹਤ ਬਿਗੜ ਗਈ ਸੀ। ਆਟੇ ਦਾ ਸੇਵਨ ਕਰਦੇ ਹੀ ਲੋਕਾਂ ਨੂੰ ਚੱਕਰ ਆਉਣ ਲੱਗੇ ਅਤੇ ਉਲਟੀਆਂ ਸ਼ੁਰੂ ਹੋ ਗਈਆਂ। ਸਾਰੇ ਲੋਕਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਮਿਲਾਵਟੀ ਕੁੱਟੂ ਦੇ ਆਟੇ ਨਾਲ ਹੁੰਦੇ ਇਹ ਨੁਕਸਾਨ
ਮਿਲਾਵਟੀ ਕੁੱਟੂ ਦਾ ਆਟਾ ਖਾਣ ਨਾਲ ਤੁਹਾਨੂੰ ਪਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੇਟ ਵਿਚ ਗੈਸ ਤੇ ਐਸੀਡਿਟੀ ਤੁਹਾਡੀ ਪਰੇਸ਼ਾਨੀ ਵਧਾ ਸਕਦੇ ਹਨ। ਜੇ ਆਟੇ 'ਚ ਚੌਲ ਜਾਂ ਹੋਰ ਚੀਜ਼ਾਂ ਮਿਲਾਈਆਂ ਗਈਆਂ ਹਨ, ਤਾਂ ਤੁਹਾਡੇ ਸਰੀਰ 'ਚ ਐਲਰਜੀ ਅਤੇ ਖੁਜਲੀ ਹੋ ਸਕਦੀ ਹੈ।
ਖਰੀਦਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ
ਕੁੱਟੂ ਦਾ ਆਟਾ ਖਰੀਦਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਆਟੇ ਦਾ ਰੰਗ ਦੇਖੋ – ਅਸਲੀ ਕੁੱਟੂ ਦਾ ਆਟਾ ਭੂਰਾ ਹੁੰਦਾ ਹੈ, ਜਦਕਿ ਮਿਲਾਵਟੀ ਆਟੇ ਦਾ ਰੰਗ ਬਦਲਿਆ ਹੋਇਆ ਲੱਗਦਾ ਹੈ। ਆਟੇ ਨੂੰ ਸੁੰਘ ਕੇ ਵੀ ਦੇਖੋ, ਜੇ ਕੋਈ ਬਦਬੂ ਆ ਰਹੀ ਹੋਵੇ ਤਾਂ ਸਮਝੋ ਕਿ ਇਹ ਮਿਲਾਵਟੀ ਹੈ। ਗੁੰਨ੍ਹਣ ਵੇਲੇ ਜੇ ਆਟਾ ਬਿਖਰਦਾ ਹੋਵੇ ਜਾਂ ਬਹੁਤ ਚਿਕਣਾ ਹੋਵੇ, ਤਾਂ ਇਹ ਵੀ ਮਿਲਾਵਟੀ ਹੋ ਸਕਦਾ ਹੈ। ਹਮੇਸ਼ਾ ਬ੍ਰਾਂਡਿਡ ਕੰਪਨੀਆਂ ਦਾ ਆਟਾ ਖਰੀਦੋ ਅਤੇ ਪੈਕੇਜਿੰਗ ਅਤੇ ਲੇਬਲ ਨੂੰ ਚੈੱਕ ਕਰਨਾ ਨਾ ਭੁੱਲੋ।