ਸਿੱਧੀ: ਮੱਧ ਪ੍ਰਦੇਸ਼ ਦੇ ਸਿੱਧੀ ਦੇ ਆਯੁਰਵੈਦਿਕ ਹਸਪਤਾਲ ਵਿੱਚ ਨਲਬੰਦੀ ਦੇ ਆਪ੍ਰੇਸ਼ਨ ਤੋਂ ਬਾਅਦ ਮਹਿਲਾਵਾਂ ਨੂੰ ਮੰਜਾ ਤਕ ਨਹੀਂ ਮਿਲਿਆ। ਇਸੇ ਲਈ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਇਸ ਠੰਢੇ ਮੌਸਮ ਵਿੱਚ ਜ਼ਮੀਨ 'ਤੇ ਹੀ ਲਿਟਾ ਦਿੱਤਾ ਗਿਆ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਸਟ੍ਰੈਚਰ ਤਕ ਨਹੀਂ ਮਿਲਿਆ। ਇਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਆਪਣੇ ਹੱਥਾਂ ਵਿੱਚ ਚੁੱਕ ਕੇ ਬਾਹਰ ਲਿਆਂਦਾ। ਮਹਿਲਾਵਾਂ ਦੇ ਇੰਝ ਜ਼ਮੀਨ 'ਤੇ ਲਿਟਾਉਣ ਨਾਲ ਉਨ੍ਹਾਂ ਨੂੰ ਸੰਕਰਮਣ (ਇੰਨਫੈਕਸ਼ਨ) ਦਾ ਖ਼ਤਰਾ ਵੀ ਹੋ ਸਕਦਾ ਸੀ।
ਨਲਬੰਦੀ ਕਰਾਉਣ ਆਈਆਂ ਮਹਿਲਾਵਾਂ ਨੂੰ ਐਂਬੂਲੈਂਸ ਤਕ ਵੀ ਮੁਹੱਈਆ ਨਹੀਂ ਕਰਵਾਈ ਗਈ। ਉਹ ਆਪਣੇ ਖਰਚੇ 'ਤੇ ਹਸਪਤਾਲ ਆਈਆਂ ਸੀ। ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਆਰਐਲ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਮੀਡੀਆ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ।
ਇਸ ਦੇ ਨਾਲ ਹੀ ਮਹਿਲਾਵਾਂ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਵਿੱਚ ਫੈਲੀ ਅਵਿਵਸਥਾ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਬਦਲਣ ਤੋਂ ਬਾਅਦ ਵੀ ਸਰਕਾਰੀ ਹਸਪਤਾਲਾਂ ਦੇ ਸਿਸਟਮ ਵਿੱਚ ਸੁਧਾਰ ਨਹੀਂ ਹੋਇਆ। ਇੰਨਾ ਹੀ ਨਹੀਂ, ਕੁਝ ਮਹਿਲਾਵਾਂ ਨੂੰ ਤਾਂ ਜ਼ਮੀਨ 'ਤੇ ਲੇਟਣ ਲਈ ਵੀ ਜਗ੍ਹਾ ਨਹੀਂ ਮਿਲੀ।