ਨਵੀਂ ਦਿੱਲੀ: ਗਾਂਧੀਨਗਰ ਸਥਿਤ ਗੁਜਰਾਤ ਵਿਧਾਨ ਸਭਾ ਵਿੱਚ ਤੇਂਦੂਆ ਦਾਖ਼ਲ ਹੋਣ ਦੀ ਖ਼ਬਰ ਹੈ। ਇਸ ਤੇਂਦੂਏ ਨੂੰ ਫੜਨ ਲਈ ਵਿਧਾਨ ਸਭਾ ਵਿੱਚ ਕਾਫੀ ਵੱਡਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। 100 ਲੋਕਾਂ ਦੀਆਂ ਟੀਮਾਂ ਵਿਧਾਨ ਸਭਾ ਬਿਲਡਿੰਗ ਵਿੱਚ ਹਨ ਤੇ ਤੇਂਦੂਏ ਨੂੰ ਫੜਨ ਲਈ ਆਪ੍ਰੇਸ਼ਨ ਜਾਰੀ ਹੈ।

ਵਿਧਾਨ ਸਭਾ ਵਿੱਚ 130 ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਇਨ੍ਹਾਂ ਵਿੱਚੋਂ ਕਿਸੇ ਇੱਕ ਕੈਮਰੇ ਅੰਦਰ ਤੇਂਦੂਏ ਦੇ ਵਿਧਾਨ ਸਭਾ ਵਿੱਚ ਦਾਖ਼ਲ ਹੋਣ ਦੀ ਵੀਡੀਓ ਰਿਕਾਰਡ ਕੀਤੀ ਗਈ ਹੈ। ਇਹ ਵੀਡੀਓ ਰਾਤ 1:53 ਵਜੇ ਦਾ ਹੈ। ਅੱਠ ਘੰਟੇ ਬਾਅਦ ਵੀ ਤੇਂਦੂਏ ਦਾ ਕੋਈ ਸੁਰਾਗ ਨਹੀਂ ਮਿਲਾ।


ਅੱਜ ਸੋਮਵਾਰ ਹੈ ਯਾਨੀ ਕੰਮਕਾਜ ਦਾ ਦਿਨ ਹੈ, ਪਰ ਤੇਂਦੂਏ ਕਾਰਨ ਵਿਧਾਨ ਸਭਾ ਦਾ ਕੰਮਕਾਜ ਰੋਕ ਦਿੱਤਾ ਗਿਆ ਹੈ। ਤੇਂਦੂਏ ਨੂੰ ਫੜਨ ਲਈ ਪਿੰਜਰੇ ਮੰਗਵਾਏ ਗਏ ਹਨ। ਤੇਂਦੂਆ ਜਿਸ ਥਾਂ ਦਾਖ਼ਲ ਹੋਇਆ ਹੈ, ਉਸ ਨੂੰ ਗਾਂਧੀਨਗਰ ਦਾ ਸਭ ਤੋਂ ਸੁਰੱਖਿਅਤ ਇਲਾਕਾ ਮੰਨਿਆ ਜਾਂਦਾ ਹੈ।

ਗੁਜਰਾਤ ਦੇ ਜੰਗਲਾਤ ਮੰਤਰੀ ਗਣਪਤ ਵਾਜਵਾ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਰਾਤ ਪੁਲਿਸ ਨੇ ਤੇਂਦੂਏ ਨੂੰ ਦੇਖਿਆ, ਇਸ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਦੱਸਿਆ ਗਿਆ। ਜਦ ਤਕ ਤੇਂਦੂਆ ਫੜਿਆ ਨਹੀਂ ਜਾਂਦਾ, ਉਦੋਂ ਤਕ ਕਿਸੇ ਨੂੰ ਵੀ ਵਿਧਾਨ ਸਭਾ ਵਿੱਚ ਜਾਣ ਨਹੀਂ ਦਿੱਤਾ ਜਾਵੇਗਾ। ਤੇਂਦੂਏ ਨੇ ਹਾਲੇ ਤਕ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ।