ਨਵੀਂ ਦਿੱਲੀ: ਭਾਰਤ ਸਰਕਾਰ ਨੇ ਲੌਕਡਾਉਨ ਦੇ ਸਮੇਂ ਈ-ਕੌਮਰਸ ਕੰਪਨੀਆਂ ਨੂੰ ਆਪਣੇ ਪਲੇਟਫਾਰਮ ਰਾਹੀਂ ਗੈਰ ਜ਼ਰੂਰੀ ਚੀਜ਼ਾਂ ਦੀ ਵਿਕਰੀ 'ਤੇ ਪਾਬੰਦੀ ਲਾਈ ਹੈ। ਚਾਰ ਦਿਨ ਪਹਿਲਾਂ ਈ-ਕੌਮਰਸ ਕੰਪਨੀਆਂ ਨੂੰ ਮੋਬਾਈਲ ਫੋਨ, ਫਰਿੱਜ ਤੇ ਸਿਲਾਈ ਹੋਏ ਵਸਤਰ ਆਦਿ ਵੇਚਣ ਦੀ ਆਗਿਆ ਸੀ ਪਰ ਹੁਣ ਇਹ ਛੋਟ ਵਾਪਸ ਲੈ ਲਈ ਗਈ ਹੈ। ਦੇਸ਼ ਵਿਆਪੀ ਤਾਲਾਬੰਦੀ 3 ਮਈ ਤੱਕ ਲਾਗੂ ਹੈ। ਹਾਲਾਂਕਿ, ਪਹਿਲਾਂ ਆਦੇਸ਼ ਵਿੱਚ ਕਿਹਾ ਗਿਆ ਸੀ ਕਿ ਈ-ਕੌਮਰਸ ਕੰਪਨੀਆਂ ਨੂੰ 20 ਅਪ੍ਰੈਲ ਤੋਂ ਇਨ੍ਹਾਂ ਉਤਪਾਦਾਂ ਨੂੰ ਵੇਚਣ ਦੀ ਇਜਾਜ਼ਤ ਸੀ।
ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਐਤਵਾਰ ਨੂੰ ਇਸ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕੀਤਾ। ਏਕੀਕ੍ਰਿਤ ਸੋਧੇ ਦਿਸ਼ਾ-ਨਿਰਦੇਸ਼ਾਂ ਨੇ ਈ-ਕੌਮਰਸ ਕੰਪਨੀਆਂ ਵੱਲੋਂ ਗੈਰ-ਜ਼ਰੂਰੀ ਉਤਪਾਦਾਂ ਦੀ ਵਿਕਰੀ ਨੂੰ ਹਟਾ ਦਿੱਤਾ ਹੈ।
ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਈ-ਕੌਮਰਸ ਕੰਪਨੀਆਂ ਨਾਲ ਸਬੰਧਤ ਵਿਵਸਥਾਵਾਂ ਜਿਨ੍ਹਾਂ ਵਿੱਚ ਉਨ੍ਹਾਂ ਦੇ ਵਾਹਨਾਂ ਨੂੰ ਲੋੜੀਂਦੀ ਆਗਿਆ ਨਾਲ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਨੂੰ ਦਿਸ਼ਾ-ਨਿਰਦੇਸ਼ਾਂ ਤੋਂ ਹਟਾਇਆ ਜਾਂਦਾ ਹੈ। ਹਾਲਾਂਕਿ, ਇਸ ਆਰਡਰ ਨੂੰ ਤੁਰੰਤ ਬਦਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।