ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬੀਜੇਪੀ ਸਰਕਾਰ ਨੇ 57 ਮਹੀਨਿਆਂ ‘ਚ 30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਲਿਆ ਤੇ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਹੈ। ਪਾਰਟੀ ਦੇ ਮੁੱਖ ਸਕਤੱਰ ਰਣਦੀਪ ਸੁਰਜੇਵਾਲਾ ਦਾ ਕਹਿਣਾ ਹੈ ਕਿ ਮੋਦੀ ਸਰਕਾਰ ‘ਚ ਹਰ ਭਾਰਤੀ ‘ਤੇ 23,300 ਰੁਪਏ ਦਾ ਵਾਧੂ ਕਰਜ਼ ਹੋ ਗਿਆ ਹੈ।


ਉਨ੍ਹਾਂ ਕਿਹਾ, ‘ਵਿੱਤ ਮੰਤਰਾਲਾ ਦੇ ਸਨਸਨੀਖੇਜ਼ ਅੰਕੜੇ ਦੱਸਦੇ ਹਨ ਕਿ ਮੋਦੀ ਸਰਕਾਰ ਨੇ ਸਿਰਫ ਚਾਰ ਸਾਲ ਤੇ ਨੌਂ ਮਹੀਨਿਆਂ ‘ਚ 30 ਲੱਖ ਕਰੋੜ ਦਾ ਕਰਜ਼ਾ ਲੈ ਕੇ ਦੇਸ਼ ਵਾਸੀਆਂ ਨੂੰ ਕੰਗਾਲ ਕਰਨ ਦੀ ਘਿਨੌਣੀ ਸਾਜ਼ਿਸ਼ ਕੀਤੀ ਹੈ। ਸੁਰਜੇਵਾਲਾ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਕਿਹਾ, ‘ਇੱਕ ਪਾਸੇ ਦੇਸ਼ ਵਾਸੀਆਂ ਨੂੰ ਕਰਜ਼ ਦੇ ਬੋਝ ਹੇਠ ਦੱਬਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਚੋਣਵੇਂ ਕਾਰੋਬਾਰੀ ਦੋਸਤਾਂ ਦਾ 5,50,000 ਕਰੋੜ ਰੁਪਏ ਦਾ ਕਰਜ਼ ਮੋਦੀ ਸਰਕਾਰ ਨੇ ਨਿੱਲ ਖਾਤੇ ‘ਚ ਪਾ ਦਿੱਤਾ। ਬੈਂਕਾਂ ਦਾ ਐਨਪੀਏ ਵਧਕੇ 12,00,000 ਕਰੋੜ ਰੁਪਏ ਹੋ ਗਿਆ ਹੈ।”

ਸੂਰਜੇਵਾਲਾ ਦਾ ਇਲਜ਼ਾਮ ਹੈ, “ਸਰਕਾਰੀ ਕੰਪਨੀਆਂ ਨੂੰ ਕਰਜ਼ਿਆਂ ‘ਚ ਧੱਕ ਕੇ ਸਾਜ਼ਿਸ਼ ਤਹਿਤ ਖ਼ਤਮ ਕੀਤਾ ਜਾ ਰਿਹਾ ਹੈ। ਨੈਸ਼ਨਲ ਰਾਜ ਮਾਰਗ ਅਧਿਕਾਰ ਤਹਿਤ ਪਿਛਲੇ ਪੰਜ ਸਾਲਾਂ ‘ਚ 1,67,399 ਕਰੋੜ ਰੁਪਏ ਦਾ ਕਰਜ਼ ਲਿਆ ਗਿਆ। ਉਧਰ ਕੁਝ ਸਰਕਾਰੀ ਕੰਪਨੀਆਂ ਬੀਐਸਐਨਐਲ, ਪਵਨ ਹੰਸ, ਇੰਡੀਆ ਪੋਸਟ ਬੰਦ ਹੋਣ ਦੀ ਕਗਾਰ ‘ਤੇ ਹਨ।