Lok Sabha Election 2024: ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣਗੇ। ਇਸ ਤੋਂ ਪਹਿਲਾਂ C-Voter ਦੇ ਸੰਸਥਾਪਕ ਯਸ਼ਵੰਤ ਦੇਸ਼ਮੁਖ ਨੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਯੂਪੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਇਸ ਸਵਾਲ 'ਤੇ ਕਿ ਯੂਪੀ 'ਚ ਕੀ ਦੇਖਣ ਨੂੰ ਮਿਲ ਰਿਹਾ ਹੈ, ਦੇਸ਼ਮੁਖ ਨੇ ਕਿਹਾ ਕਿ ਬਸਪਾ ਜਿੰਨੀ ਮਰਜ਼ੀ ਹੇਠਾਂ ਡਿੱਗ ਜਾਵੇ ਪਰ ਉਸ ਦਾ ਵੋਟ ਸ਼ੇਅਰ ਕਾਂਗਰਸ ਨਾਲੋਂ ਜ਼ਿਆਦਾ ਹੋਵੇਗਾ। ਦੂਜੀ ਗੱਲ ਇਹ ਹੈ ਕਿ ਭਾਜਪਾ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਯੂਪੀ ਹੀ ਅਜਿਹਾ ਸੂਬਾ ਹੈ ਜਿੱਥੇ ਭਾਜਪਾ ਨੇ ਟਿਕਟਾਂ ਨਹੀਂ ਕੱਟੀਆਂ। ਇਸ ਕਾਰਨ ਭਾਜਪਾ ਦੀ ਖੇਡ ਵਿਗੜਦੀ ਨਜ਼ਰ ਆ ਰਹੀ ਹੈ।
ਇੱਕ ਇੰਟਰਵਿਊ ਵਿੱਚ ਯਸ਼ਵੰਤ ਦੇਸ਼ਮੁਖ ਨੇ ਕਿਹਾ, ਯੂਪੀ ਵਿੱਚ ਭਾਜਪਾ ਨੇ ਪੁਰਾਣੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਗੈਰ-ਮਕਬੂਲ ਸੰਸਦ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਟਿਕਟਾਂ ਦੀ ਚੋਣ 'ਚ ਹੋਈਆਂ ਗਲਤੀਆਂ ਕਾਰਨ ਭਾਜਪਾ ਨੂੰ ਯੂਪੀ ਤੋਂ ਉਮੀਦ ਮੁਤਾਬਕ ਜਿੱਤ ਮਿਲਦੀ ਨਜ਼ਰ ਨਹੀਂ ਆ ਰਹੀ। ਲੋਕ ਇਹੀ ਕਹਿ ਰਹੇ ਹਨ। ਇਹ ਸਥਾਨਕ ਚੋਣਾਂ ਹੋ ਰਹੀਆਂ ਹਨ ਤੇ ਕਈ ਸੀਟਾਂ 'ਤੇ ਸਖ਼ਤ ਮੁਕਾਬਲੇ ਦੀ ਉਮੀਦ ਹੈ।
ਸੀ-ਵੋਟਰ ਦੇ ਸੰਸਥਾਪਕ ਨੇ ਕਿਹਾ, ਪੂਰੇ ਦੇਸ਼ 'ਚ ਸਥਾਨਕ ਮੁੱਦਿਆਂ 'ਤੇ ਚੋਣਾਂ ਨਹੀਂ ਹੋ ਰਹੀਆਂ। ਜਿੱਥੇ ਬੀਜੇਪੀ ਨੇ ਉਮੀਦਵਾਰਾਂ ਦੀ ਚੋਣ ਵਿੱਚ ਗਲਤੀ ਕੀਤੀ, ਉੱਥੇ ਲੋਕਲਾਈਜ਼ ਇਲੈਕਸ਼ਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਚੋਣਾਂ ਮੋਦੀ ਦੇ ਨਾਂ 'ਤੇ ਲੜੀਆਂ ਜਾ ਰਹੀਆਂ ਹਨ। ਵੋਟ ਮੋਦੀ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਪੈ ਰਹੇ ਹਨ। ਭਾਜਪਾ ਨੇ ਜਿੱਥੇ ਟਿਕਟਾਂ ਦੀ ਵੰਡ ਵਿੱਚ ਗਲਤੀ ਕੀਤੀ ਹੈ, ਉੱਥੇ ਹੀ ਪੀਐਮ ਮੋਦੀ ਦੇ ਨਾਮ 'ਤੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਇਸ ਚੋਣ ਨੂੰ ਸਥਾਨਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਧਿਰ ਨੂੰ ਬਹੁਤ ਦੇਰ ਨਾਲ ਅਹਿਸਾਸ ਹੋਇਆ ਕਿ ਉਹ ਮੋਦੀ ਨੂੰ ਕੇਂਦਰ ਵਿੱਚ ਲਿਆ ਕੇ ਚੋਣਾਂ ਨਹੀਂ ਜਿੱਤ ਸਕਦੇ।
ਉਨ੍ਹਾਂ ਕਿਹਾ ਕਿ ਇਹ ਵਿਰੋਧੀ ਧਿਰ ਦੀ ਬਹੁਤ ਹੀ ਸਹੀ ਰਣਨੀਤੀ ਸੀ। ਵਿਰੋਧੀ ਧਿਰ ਨੇ ਪੌਣੇ ਪੰਜ ਸਾਲ ਪੀਐਮ ਮੋਦੀ 'ਤੇ ਦੋਸ਼ਾਂ ਤੇ ਪ੍ਰਤੀ ਦੋਸ਼ਾਂ ਦੀ ਰਾਜਨੀਤੀ ਕੀਤੀ। ਬਾਅਦ ਵਿੱਚ ਮਹਿਸੂਸ ਕੀਤਾ ਕਿ ਸਿਰਫ ਸਥਾਨਕ ਮੁੱਦਿਆਂ ਉਪਰ ਹੀ ਚੋਣਾਂ ਹੀ ਫਾਇਦੇਮੰਦ ਹੋਣਗੀਆਂ। ਵਿਰੋਧੀ ਧਿਰ ਉਨ੍ਹਾਂ ਸੀਟਾਂ 'ਤੇ ਸਥਾਨੀਕਰਨ 'ਚ ਸਫਲ ਰਹੀ, ਜਿੱਥੇ ਭਾਜਪਾ ਨੇ ਸਹੀ ਟਿਕਟਾਂ ਨਹੀਂ ਦਿੱਤੀਆਂ। ਭਾਜਪਾ ਹੁਣ ਅਜਿਹੀਆਂ ਸੀਟਾਂ 'ਤੇ ਪੀਐਮ ਮੋਦੀ ਲਈ ਪ੍ਰਚਾਰ ਕਰਕੇ ਆਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ।