PM Narendra Modi property: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵੱਲੋਂ ਅੱਜ ਯਾਨੀਕਿ 14 ਮਈ ਨੂੰ ਵਾਰਾਣਸੀ ਤੋਂ ਤੀਜੀ ਵਾਰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਐਨਡੀਏ ਗਠਜੋੜ ਦੇ ਕਈ ਦਿੱਗਜ ਨੇਤਾ ਨਾਲ ਨਜ਼ਰ ਆਏ। ਇਸ ਦੌਰਾਨ ਪੀਐਮ ਮੋਦੀ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫ਼ਨਾਮੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਦੀ ਕੁੱਲ ਜਾਇਦਾਦ ਕਿੰਨੀ ਹੈ।
ਨਕਦੀ ਦੇ ਵਿੱਚ ਪੀਐਮ ਮੋਦੀ ਕੋਲ 52 ਹਜ਼ਾਰ ਰੁਪਏ
ਸਭ ਤੋਂ ਪਹਿਲਾਂ ਜੇਕਰ ਅਸੀਂ ਨਕਦੀ ਦੀ ਗੱਲ ਕਰੀਏ ਤਾਂ ਪੀਐਮ ਮੋਦੀ ਕੋਲ 52 ਹਜ਼ਾਰ ਰੁਪਏ ਨਕਦ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਸਟੇਟ ਬੈਂਕ ਆਫ਼ ਇੰਡੀਆ ਵਿੱਚ ਦੋ ਖਾਤੇ ਹਨ। ਇਨ੍ਹਾਂ ਵਿੱਚੋਂ ਇੱਕ ਖਾਤਾ ਗੁਜਰਾਤ ਦੇ ਗਾਂਧੀਨਗਰ ਵਿੱਚ ਹੈ ਅਤੇ ਦੂਜਾ ਖਾਤਾ ਵਾਰਾਣਸੀ ਦੀ ਸ਼ਿਵਾਜੀ ਨਗਰ ਸ਼ਾਖਾ ਵਿੱਚ ਹੈ। ਪੀਐਮ ਮੋਦੀ ਦੇ ਗੁਜਰਾਤ ਬੈਂਕ ਖਾਤੇ ਵਿੱਚ 73 ਹਜ਼ਾਰ 304 ਰੁਪਏ ਅਤੇ ਵਾਰਾਣਸੀ ਖਾਤੇ ਵਿੱਚ ਸਿਰਫ਼ ਸੱਤ ਹਜ਼ਾਰ ਰੁਪਏ ਹਨ। ਪੀਐਮ ਮੋਦੀ ਦੀ ਵੀ ਐਸਬੀਆਈ ਵਿੱਚ ਹੀ 2 ਕਰੋੜ 85 ਲੱਖ 60 ਹਜ਼ਾਰ 338 ਰੁਪਏ ਦੀ ਐਫਡੀ ਹੈ।
PM ਮੋਦੀ ਕੋਲ ਕੁੱਲ ਕਿੰਨੀ ਦੌਲਤ ਹੈ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨੈਸ਼ਨਲ ਸੇਵਿੰਗ ਸਰਟੀਫਿਕੇਟ 'ਚ 9 ਲੱਖ 12 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਚੱਲ-ਅਚੱਲ ਸੰਪਤੀਆਂ ਵਿੱਚੋਂ ਉਨ੍ਹਾਂ ਕੋਲ ਸੋਨੇ ਦੀਆਂ ਚਾਰ ਮੁੰਦਰੀਆਂ ਹਨ, ਜਿਨ੍ਹਾਂ ਦਾ ਕੁੱਲ ਵਜ਼ਨ 45 ਗ੍ਰਾਮ ਹੈ ਅਤੇ ਕੀਮਤ 2 ਲੱਖ 67 ਹਜ਼ਾਰ 750 ਰੁਪਏ ਹੈ। ਪ੍ਰਧਾਨ ਮੰਤਰੀ ਮੋਦੀ ਦੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ ਨਾ ਤਾਂ ਕੋਈ ਘਰ ਹੈ ਅਤੇ ਨਾ ਹੀ ਕੋਈ ਜ਼ਮੀਨ। ਇਸ ਸਥਿਤੀ ਵਿੱਚ ਉਨ੍ਹਾਂ ਦੀ ਕੁੱਲ ਜਾਇਦਾਦ 3 ਕਰੋੜ 2 ਲੱਖ 6 ਹਜ਼ਾਰ 889 ਰੁਪਏ ਹੈ।
PM ਮੋਦੀ ਨੇ ਕਿੱਥੋਂ-ਕਿੱਥੋਂ ਪੜ੍ਹਾਈ ਕੀਤੀ?
ਚੋਣ ਹਲਫ਼ਨਾਮੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਿੱਖਿਆ ਯੋਗਤਾ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਦੇ ਅਨੁਸਾਰ ਪੀਐਮ ਮੋਦੀ ਨੇ 1967 ਵਿੱਚ ਗੁਜਰਾਤ ਬੋਰਡ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਸਨੇ 1978 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਕੀਤੀ। ਪੀਐਮ ਮੋਦੀ ਨੇ 1983 ਵਿੱਚ ਗੁਜਰਾਤ ਯੂਨੀਵਰਸਿਟੀ ਤੋਂ ਆਰਟਸ ਵਿੱਚ ਮਾਸਟਰਜ਼ ਕੀਤਾ ਸੀ।
ਪੀਐਮ ਮੋਦੀ ਨੇ ਅੱਜ ਵਾਰਾਣਸੀ ਤੋਂ ਨਾਮਜ਼ਦਗੀ ਦਾਖ਼ਲ ਕੀਤੀ
ਇਸ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਦੇ ਵਾਰਾਣਸੀ ਨੂੰ ਚੁਣਿਆ ਹੈ। ਉਹ 2014 ਵਿੱਚ ਪਹਿਲੀ ਵਾਰ ਵਾਰਾਣਸੀ ਤੋਂ ਸੰਸਦ ਮੈਂਬਰ ਚੁਣੇ ਗਏ ਅਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। 2019 ਵਿੱਚ ਵੀ ਉਹ ਵਾਰਾਣਸੀ ਸੀਟ ਤੋਂ ਚੋਣ ਲੜੇ ਸਨ ਅਤੇ 2024 ਦੀ ਚੋਣ ਲੜਾਈ ਵਿੱਚ ਵੀ ਉਹ ਵਾਰਾਣਸੀ ਤੋਂ ਉਮੀਦਵਾਰ ਹਨ।