Lok Sabha Exit Poll Result 2024 Live: ਦੇਸ਼ ਅੰਦਰ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਅੱਜ ਅੰਤਿਮ ਪੜਾਅ 'ਤੇ ਪਹੁੰਚ ਗਈਆਂ ਹਨ। ਅੱਜ ਯਾਨੀ 1 ਜੂਨ ਨੂੰ 8 ਰਾਜਾਂ ਦੀਆਂ 57 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਨਾਲ ਦੇਸ਼ ਦੀ ਸਭ ਤੋਂ ਵੱਡੀ ਚੋਣ ਪੂਰੀ ਹੋ ਜਾਵੇਗੀ। 44 ਦਿਨਾਂ ਦੀ ਚੋਣ ਪ੍ਰਕਿਰਿਆ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਨਤੀਜੇ ਐਲਾਨੇ ਜਾਣਗੇ। 




ਹਾਲਾਂਕਿ ਇਸ ਤੋਂ ਪਹਿਲਾਂ ਐਗਜ਼ਿਟ ਪੋਲ 'ਚ ਦੇਸ਼ ਦਾ ਮੂਡ ਪਤਾ ਲੱਗ ਜਾਵੇਗਾ। ਐਗਜ਼ਿਟ ਪੋਲ ਦੇ ਨਤੀਜੇ ਆਉਣ 'ਚ ਹੁਣ ਕੁਝ ਹੀ ਘੰਟੇ ਬਾਕੀ ਹਨ। ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸ਼ਾਮ 6:30 ਵਜੇ ਤੋਂ ਐਗਜ਼ਿਟ ਪੋਲ ਜਾਰੀ ਕੀਤੇ ਜਾਣਗੇ। ਹਰ ਕੋਈ ਦਿਮਾਗ ਦੇ ਘੋੜੇ ਦੌੜਾ ਰਿਹਾ ਹੈ ਕਿ ਇਸ ਵਾਰ ਕੇਂਦਰ ਦੀ ਸੱਤਾ ਕਿਸ ਦੇ ਹੱਥਾਂ ਵਿੱਚ ਜਾਏਗੀ। 


ਦਰਅਸਲ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਦੇ 30 ਮਿੰਟ ਬਾਅਦ ਹੀ ਐਗਜ਼ਿਟ ਪੋਲ ਦਿਖਾਏ ਜਾ ਸਕਦੇ ਹਨ। ਅਜਿਹੇ 'ਚ ਸ਼ਾਮ 6 ਵਜੇ ਵੋਟਿੰਗ ਪੂਰੀ ਹੋਵੇਗੀ ਤੇ ਅੱਧੇ ਘੰਟੇ ਬਾਅਦ ਐਗਜ਼ਿਟ ਪੋਲ ਦਿਖਾਇਆ ਜਾਵੇਗਾ। ਨਿਊਜ਼ ਏਜੰਸੀਆਂ ਨੇ ਇਸ ਲਈ ਤਿਆਰੀਆਂ ਕਰ ਲਈਆਂ ਹਨ। 


2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਦੇ ਖਾਤੇ ਵਿੱਚ 303 ਸੀਟਾਂ ਆਈਆਂ ਸਨ। ਜਦਕਿ ਕਾਂਗਰਸ ਸਿਰਫ਼ 52 ਸੀਟਾਂ ਹੀ ਜਿੱਤ ਸਕੀ ਸੀ। ਟੀਐਮਸੀ ਨੇ 22 ਸੀਟਾਂ ਜਿੱਤੀਆਂ ਸਨ। ਜੇਡੀਯੂ ਨੂੰ 16 ਤੇ ਸਮਾਜਵਾਦੀ ਪਾਰਟੀ ਨੂੰ ਸਿਰਫ਼ ਪੰਜ ਸੀਟਾਂ ਮਿਲੀਆਂ ਸਨ। ਯੂਪੀ ਵਿੱਚ ਬਸਪਾ ਨੇ 10 ਸੀਟਾਂ ਜਿੱਤੀਆਂ ਸਨ। 


ਪਿਛਲੇ ਐਗਜ਼ਿਟ ਪੋਲ ਦੀ ਭਵਿੱਖਬਾਣੀ



ਜੇਕਰ 2019 ਦੀਆਂ ਚੋਣਾਂ ਉਪਰ ਧਿਆਨ ਮਾਰੀਏ ਤਾਂ ਪਤਾ ਲੱਗਦਾ ਹੈ ਕਿ ABP-CSDS ਨੇ NDA ਨੂੰ ਸਿਰਫ 277 ਸੀਟਾਂ ਤੇ ਯੂਪੀਏ ਨੂੰ 130 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਸੀ। ਇੰਡੀਆ ਟੀਵੀ-ਸੀਐਨਐਕਸ ਨੇ ਐਨਡੀਏ ਦੇ ਲਗਪਗ 300 ਸੀਟਾਂ ਜਿੱਤਣ ਦਾ ਅਨੁਮਾਨ ਲਾਇਆ ਸੀ। ਜਦੋਂਕਿ ਯੂਪੀਏ ਨੂੰ 120 ਸੀਟਾਂ ਮਿਲਣ ਦੀ ਉਮੀਦ ਸੀ।


ਟਾਈਮਜ਼ ਨਾਓ-ਵੀਐਮਆਰ ਨੇ ਐਨਡੀਏ ਲਈ 306 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ ਜਦੋਂਕਿ ਯੂਪੀਏ ਲਈ ਅੰਕੜਾ 132 ਸੀ। ਇੰਡੀਆ ਨਿਊਜ਼-ਪੋਲਸਟਾਰਟ ਨੇ ਐਨਡੀਏ ਲਈ 287 ਤੇ ਯੂਪੀਏ ਲਈ 128 ਦਾ ਅਨੁਮਾਨ ਲਗਾਇਆ ਸੀ। ਇਸ ਚੋਣ ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਤੇ ਐਨਡੀਏ ਨੇ 352 ਦਾ ਅੰਕੜਾ ਹਾਸਲ ਕੀਤਾ ਸੀ। ਜਦੋਂ ਕਿ ਯੂਪੀਏ ਨੇ 92 ਸੀਟਾਂ ਜਿੱਤੀਆਂ ਸਨ।