Lok Sabha Election 2024 Result: ਲੋਕ ਸਭਾ ਚੋਣਾਂ 2024 ਲਈ ਗਿਣਤੀ ਜਾਰੀ ਹੈ। ਰੁਝਾਨਾਂ ਮੁਤਾਬਕ ਇੰਡੀਆ ਗਠਜੋੜ ਸੱਤਾਧਾਰੀ ਐਨਡੀਏ ਗਠਜੋੜ ਨੂੰ ਸਖ਼ਤ ਟੱਕਰ ਦੇ ਰਿਹਾ ਹੈ।
ਸ਼ੁਰੂਆਤੀ ਰੁਝਾਨਾਂ ‘ਚ ਐਨਡੀਏ ਨੂੰ ਯਕੀਨੀ ਤੌਰ ‘ਤੇ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ ਪਰ ਵਿਰੋਧੀ ਗਠਜੋੜ ਵੀ ਜ਼ੋਰਦਾਰ ਵਾਪਸੀ ਕਰਦਾ ਨਜ਼ਰ ਆ ਰਿਹਾ ਹੈ। ਇੰਡੀਆ ਗਠਜੋੜ 200 ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਐਗਜਿਟ ਪੋਲ ਵਿਚ ਇੰਡੀਆ ਗੱਠਜੋੜ ਨੂੰ 200 ਤੋਂ ਥੱਲੇ ਸੀਟਾਂ ਦਿੱਤੀਆਂ ਗਈਆਂ ਸਨ, ਪਰ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਗੱਠਜੋੜ 220 ਦੇ ਨੇੜੇ ਪਹੁੰਚ ਗਿਆ ਹੈ।
ਹਰਿਆਣਾ ਵਿਚ ਹੁਣ ਤੱਕ ਆਏ ਰੁਝਾਨਾਂ ਮੁਤਾਬਕ ਭਾਜਪਾ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਰੁਝਾਨਾਂ ਮੁਤਾਬਕ 10 ਸੀਟਾਂ 'ਚੋਂ ਕਾਂਗਰਸ ਪੰਜ ਅਤੇ 'ਆਪ' ਇਕ 'ਤੇ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਸਿਰਫ਼ ਚਾਰ ਸੀਟਾਂ 'ਤੇ ਹੀ ਅੱਗੇ ਹੈ। ਖਾਸ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਰੁਝਾਨਾਂ ਤੋਂ ਪਿੱਛੇ ਹਨ।
ਰੁਝਾਨਾਂ ਮੁਤਾਬਕ ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ, ਰੋਹਤਕ ਤੋਂ ਦੀਪੇਂਦਰ ਸਿੰਘ ਹੁੱਡਾ, ਅੰਬਾਲਾ ਤੋਂ ਵਰੁਣ ਚੌਧਰੀ, ਕਰਨਾਲ ਤੋਂ ਦਿਵਯਾਂਸ਼ੂ ਬੁੱਧੀਰਾਜਾ ਅਤੇ ਸਿਰਸਾ ਤੋਂ ਸ਼ੈਲਜਾ ਮੋਹਰੀ ਹਨ। ਇਹ ਸਾਰੇ ਕਾਂਗਰਸੀ ਉਮੀਦਵਾਰ ਹਨ, ਜਦਕਿ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ: ਸੁਸ਼ੀਲ ਗੁਪਤਾ ਅੱਗੇ ਚੱਲ ਰਹੇ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ ਅੱਗੇ ਚੱਲ ਰਹੇ ਹਨ, ਜਦਕਿ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਸੀਟ ਤੋਂ ਅੱਗੇ ਚੱਲ ਰਹੇ ਹਨ। ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੀ ਸ਼ੁਰੂਆਤੀ ਰੁਝਾਨਾਂ ਵਿੱਚ ਅੱਗੇ ਸਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇਕਲੌਤੀ ਸੀਟ ਲਈ ਅੱਜ ਸਵੇਰੇ 8 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ।