Lok Sabha Elections 2024 : 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ ਇਕਾਈ ਵਿੱਚ ਵੱਡਾ ਫੇਰਬਦਲ ਕੀਤਾ ਹੈ। ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਹਰਿਆਣਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਸ਼ੋਕ ਤੰਵਰ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਦੂਜੇ ਪਾਸੇ ਪਾਰਟੀ ਵੱਲੋਂ ਹਰਿਆਣਾ ਦੇ ਆਗੂ ਚੌਧਰੀ ਨਿਰਮਲ ਸਿੰਘ ਨੂੰ ਕੌਮੀ ਸੰਯੁਕਤ ਸਕੱਤਰ ਬਣਾਇਆ ਗਿਆ ਹੈ।

 





'ਆਪ' ਦੀ ਸਿਖਰਲੀ ਲੀਡਰਸ਼ਿਪ ਨੇ ਹਰਿਆਣਾ ਪ੍ਰਦੇਸ਼ ਲਈ ਨਵੀਆਂ ਨਿਯੁਕਤੀਆਂ ਵਿਚ ਇਕ ਸੀਨੀਅਰ ਮੀਤ ਪ੍ਰਧਾਨ ਅਤੇ ਤਿੰਨ ਮੀਤ ਪ੍ਰਧਾਨ ਵੀ ਨਿਯੁਕਤ ਕੀਤੇ ਹਨ। ਅਨੁਰਾਗ ਢਾਂਡਾ ਨੂੰ ਸੀਨੀਅਰ ਮੀਤ ਪ੍ਰਧਾਨ, ਬਲਬੀਰ ਸਿੰਘ ਸੈਣੀ, ਬੰਤਾ ਸਿੰਘ ਵਾਲਮੀਕੀ ਅਤੇ ਚਿੱਤਰਾ ਸਰਵਰਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਦੱਸ ਦੇਈਏ ਕਿ ਅਸ਼ੋਕ ਤੰਵਰ ਹਰਿਆਣਾ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਵਿਵਾਦ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਪ੍ਰਧਾਨ ਦਾ ਅਹੁਦਾ ਗੁਆਉਣਾ ਪਿਆ ਸੀ। ਉਦੋਂ ਤੋਂ ਉਹ ਪਾਰਟੀ ਤੋਂ ਨਾਰਾਜ਼ ਹਨ, ਉਸ ਸਮੇਂ ਅਸ਼ੋਕ ਤੰਵਰ ਨੂੰ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ।

 





ਇਹ ਫੇਰਬਦਲ ਪਹਿਲਾਂ ‘ਆਪ’ ਹਰਿਆਣਾ ਇਕਾਈ ਵਿੱਚ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਹ ਸੂਚੀ ਰੋਕ ਦਿੱਤੀ ਗਈ ਸੀ। ਆਮ ਆਦਮੀ ਪਾਰਟੀ ਦੀ ਯੋਜਨਾ 'ਆਪ' ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਵੱਡੀ ਰੈਲੀ ਕਰਕੇ ਇਸ ਦਾ ਐਲਾਨ ਕਰਨਾ ਸੀ ਪਰ ਦਿੱਲੀ 'ਚ ਚੱਲ ਰਹੀ ਸਿਆਸੀ ਹਲਚਲ ਅਤੇ ਹੋਰ ਪਾਰਟੀਆਂ ਦੀ ਚੋਣ ਸਰਗਰਮੀ ਦੇ ਮੱਦੇਨਜ਼ਰ ਪਾਰਟੀ ਨੇ ਇਹ ਸੂਚੀ ਜਾਰੀ ਕਰ ਦਿੱਤੀ ਹੈ।

ਪਿਓ-ਧੀ ਨੂੰ  ਮਿਲੀ  ਅਹਿਮ ਜ਼ਿੰਮੇਵਾਰੀ  

'ਆਪ' ਹਰਿਆਣਾ ਇਕਾਈ 'ਚ ਇਸ ਫੇਰਬਦਲ ਤਹਿਤ ਸਾਬਕਾ ਰਾਜ ਮੰਤਰੀ ਚੌਧਰੀ ਨਿਰਮਲ ਸਿੰਘ ਨੂੰ ਕੌਮੀ ਸੰਯੁਕਤ ਸਕੱਤਰ ਬਣਾਇਆ ਗਿਆ ਹੈ। ਨਿਰਮਲ ਸਿੰਘ ਹਰਿਆਣਾ ਵਿੱਚ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਉਹ ਇੱਕ ਵਾਰ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਹਨ। ਉਹ ਕਾਂਗਰਸ ਵਿੱਚ ਭੂਪੇਂਦਰ ਹੁੱਡਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ। ਇਸ ਦੇ ਨਾਲ ਹੀ ਹਰਿਆਣਾ 'ਚ 'ਆਪ' ਦੀ ਸੂਬਾ ਮੀਤ ਪ੍ਰਧਾਨ ਬਣੀ ਚਿਤਰਾ ਸਰਵਰਾ ਉਨ੍ਹਾਂ ਦੀ ਬੇਟੀ ਹੈ। ਨਵੀਂ ਜ਼ਿੰਮੇਵਾਰੀ ਤੋਂ ਪਹਿਲਾਂ ਚਿਤਰਾ ਸਰਵਰਾ ਉੱਤਰੀ ਹਰਿਆਣਾ ਕਨਵੀਨਰ ਵਜੋਂ ਜ਼ਿੰਮੇਵਾਰੀ ਸੰਭਾਲ ਰਹੀ ਸੀ।