Lok Sabha Election 2024: ਦੇਸ਼ ਦੇ ਕਿਸੇ ਵੀ ਲੋਕ ਸਭਾ ਜਾਂ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ ਹਾਲੇ ਲੰਘੀ ਨਹੀਂ ਪਰ ਇੱਕ ਸੂਬਾ ਅਜਿਹਾ ਵੀ ਹੈ ਜਿੱਥੇ ਇਸ ਆਖ਼ਰੀ ਤਰੀਕ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਹੈ ਕਿ ਇੱਥੋਂ ਦੇ ਪੰਜ ਵਿਧਾਇਕ ਬਿਨਾਂ ਮੁਕਾਬਲਾ ਚੁਣੇ ਜਾਣਗੇ। ਇਹ ਪੰਜੇ ਉਮੀਦਵਾਰ ਬੀਜੇਪੀ ਦੇ ਹਨ।


ਜੀ ਹਾਂ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਤੇ ਭਾਜਪਾ ਦੇ ਚਾਰ ਹੋਰ ਉਮੀਦਵਾਰਾਂ ਦਾ ਨਿਰਵਿਰੋਧ ਵਿਧਾਇਕ ਚੁਣਿਆ ਜਾਣਾ ਯਕੀਨੀ ਹੈ ਕਿਉਂਕਿ ਬੁੱਧਵਾਰ ਨੂੰ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਕਿਸੇ ਵੀ ਹੋਰ ਉਮੀਦਵਾਰ ਨੇ ਉਨ੍ਹਾਂ ਦੀ ਵਿਧਾਨ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਨਹੀਂ ਕੀਤੀ। ਅਰੁਣਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਇਕੱਠੀਆਂ ਹੋ ਰਹੀਆਂ ਹਨ। 


60 ਮੈਂਬਰੀ ਵਿਧਾਨ ਸਭਾ ਤੇ ਦੋ ਲੋਕ ਸਭਾ ਹਲਕਿਆਂ (ਅਰੁਣਾਚਲ ਪੱਛਮੀ ਤੇ ਅਰੁਣਾਚਲ ਪੂਰਬੀ) ਲਈ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਅਰੁਣਾਚਲ ਪ੍ਰਦੇਸ਼ ਦੀਆਂ ਦੋ ਲੋਕ ਸਭਾ ਸੀਟਾਂ ਲਈ 15 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਪਿਛਲੀ ਵਾਰ 2019 ਦੀਆਂ ਵਿਧਾਨ ਸਭਾ ਚੋਣਾਂ 'ਚ 60 ਸੀਟਾਂ ਲਈ ਹੋਈ ਵੋਟਿੰਗ 'ਚ ਭਾਜਪਾ ਨੇ 41 ਸੀਟਾਂ 'ਤੇ ਕਬਜ਼ਾ ਕੀਤਾ ਸੀ ਜਦਕਿ 7 ਸੀਟਾਂ ਜਨਤਾ ਦਲ ਯੂਨਾਈਟਿਡ ਦੇ ਹਿੱਸੇ ਆਈਆਂ ਸਨ। ਕਾਂਗਰਸ ਨੂੰ ਸਿਰਫ਼ 4 ਸੀਟਾਂ 'ਤੇ ਹੀ ਸੰਤੁਸ਼ਟ ਹੋਣਾ ਪਿਆ ਸੀ। ਪਿਛਲੀ ਵਾਰ ਵੀ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਭਾਜਪਾ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਸਨ।


ਅਰੁਣਾਚਲ ਪ੍ਰਦੇਸ਼ 'ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 19 ਅਪ੍ਰੈਲ ਨੂੰ ਇੱਕੋ ਸਮੇਂ ਹੋਣਗੀਆਂ, ਜਿਸ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 27 ਮਾਰਚ ਨੂੰ ਖਤਮ ਹੋ ਗਈ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅੱਜ ਕੀਤੀ ਜਾਵੇਗੀ ਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 30 ਮਾਰਚ ਹੈ। ਪਹਿਲੇ ਪੜਾਅ ਵਿੱਚ ਚੋਣਾਂ 19 ਅਪ੍ਰੈਲ ਨੂੰ ਹਨ। ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 2 ਜੂਨ ਨੂੰ ਹੋਵੇਗੀ ਜਦਕਿ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। 


ਇਸ ਬਾਰੇ ਖਾਂਡੂ ਨੇ ਕਿਹਾ ਕਿ ਪੰਜ ਵਿਧਾਨ ਸਭਾ ਹਲਕਿਆਂ 'ਚ ਇੱਕ ਹੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਤੱਕ ਕੁਝ ਹੋਰ (ਸੀਟਾਂ) ਸ਼ਾਮਲ ਹੋ ਜਾਣਗੀਆਂ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇਸ਼ ਦਾ ਮੂਡ ਦਿਖਾਉਣ ਵਿੱਚ ਸਭ ਤੋਂ ਅੱਗੇ ਹੈ। 


ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ 'ਚ ਲਿਖਿਆ ਹੈ ਕਿ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਭਾਜਪਾ ਨੇ 3-ਮੁਕਤੋ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਪੇਮਾ ਖਾਂਡੂ ਸਮੇਤ ਪੰਜ ਉਮੀਦਵਾਰਾਂ ਦੀ ਬਿਨਾਂ ਮੁਕਾਬਲਾ ਚੋਣ ਯਕੀਨੀ ਬਣਾ ਲਈ ਹੈ।