Farooq Abdullah On PoK: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਯਾਨੀਕਿ ਅੱਜ 5 ਮਈ ਨੂੰ ਕਿਹਾ ਕਿ ਭਾਰਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਤੇ ਆਪਣਾ ਦਾਅਵਾ ਕਦੇ ਨਹੀਂ ਛੱਡੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੂੰ ਜ਼ੋਰ ਨਾਲ ਇਸ 'ਤੇ ਕਬਜ਼ਾ ਨਹੀਂ ਕਰਨਾ ਪਵੇਗਾ। ਇਸ ਬਾਰੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ ਅਤੇ ਉਨ੍ਹਾਂ ਕੋਲ ਪਰਮਾਣੂ ਬੰਬ ਵੀ ਹੈ।
ਐਨਸੀ ਪ੍ਰਧਾਨ ਨੇ ਕਿਹਾ, “ਜੇਕਰ ਰੱਖਿਆ ਮੰਤਰੀ ਅਜਿਹਾ ਸੋਚ ਰਹੇ ਹਨ ਤਾਂ ਅੱਗੇ ਵਧੋ। ਅਸੀਂ ਕੌਣ ਹੁੰਦੇ ਹਾਂ ਰੋਕਣ ਵਾਲੇ ਪਰ ਯਾਦ ਰੱਖੋ, ਉਨ੍ਹਾਂ (ਪਾਕਿਸਤਾਨ) ਨੇ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ। ਉਨ੍ਹਾਂ ਕੋਲ ਪਰਮਾਣੂ ਬੰਬ ਵੀ ਹੈ ਅਤੇ ਬਦਕਿਸਮਤੀ ਨਾਲ ਉਹ ਪ੍ਰਮਾਣੂ ਬੰਬ ਸਾਡੇ ਉੱਤੇ ਡਿੱਗੇਗਾ।
ਕੀ ਕਿਹਾ ਰਾਜਨਾਥ ਸਿੰਘ ਨੇ?
ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਅਤੇ ਵਿਕਾਸ ਵਾਪਸ ਆਇਆ ਹੈ, ਉੱਥੇ ਛੇਤੀ ਹੀ ਪੀਓਕੇ ਨੂੰ ਭਾਰਤ ਵਿੱਚ ਮਿਲਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ, "ਪੀਓਕੇ ਨੂੰ ਲੈਣ ਲਈ ਸਾਨੂੰ ਤਾਕਤ ਦੀ ਵਰਤੋਂ ਨਹੀਂ ਕਰਨੀ ਪਵੇਗੀ ਕਿਉਂਕਿ ਲੋਕ ਕਹਿਣਗੇ ਕਿ ਸਾਨੂੰ ਭਾਰਤ ਨਾਲ ਮਿਲਾਉਣਾ ਹੋਵੇਗਾ। ਅਜਿਹੀਆਂ ਮੰਗਾਂ ਹੁਣ ਆ ਰਹੀਆਂ ਹਨ।" ਰਾਜਨਾਥ ਸਿੰਘ ਨੇ ਕਿਹਾ ਕਿ ਪੀਓਕੇ ਭਾਰਤ ਦਾ ਖੇਤਰ ਸੀ, ਹੈ ਅਤੇ ਰਹੇਗਾ।
ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ 'ਤੇ ਦੋਵਾਂ ਨੇਤਾਵਾਂ ਨੇ ਕੀ ਕਿਹਾ?
ਰਾਜਨਾਥ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਵਿੱਚ ਜਲਦੀ ਹੀ ਚੋਣਾਂ ਹੋਣਗੀਆਂ। ਹਾਲਾਂਕਿ, ਉਸਨੇ ਕੋਈ ਸਮਾਂ ਸੀਮਾ ਨਹੀਂ ਦਿੱਤੀ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਜਲਦ ਹੀ ਜੰਮੂ-ਕਸ਼ਮੀਰ ਵਿੱਚ ਅਫਸਪਾ ਦੀ ਲੋੜ ਨਹੀਂ ਰਹੇਗੀ। ਉਨ੍ਹਾਂ ਪਾਕਿਸਤਾਨ ਨੂੰ ਸਰਹੱਦ ਪਾਰ ਅੱਤਵਾਦ ਨੂੰ ਉਤਸ਼ਾਹਿਤ ਕਰਨ ਤੋਂ ਰੋਕਣ ਲਈ ਵੀ ਕਿਹਾ।
ਇਸ ਦੇ ਨਾਲ ਹੀ ਫਾਰੂਕ ਅਬਦੁੱਲਾ ਨੇ ਭਵਿੱਖਬਾਣੀ ਕੀਤੀ ਕਿ ਅਮਰਨਾਥ ਯਾਤਰਾ ਤੋਂ ਬਾਅਦ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ, "ਮੁੱਖ ਸਮੱਸਿਆ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਹੈ। ਦੋਵਾਂ ਦੇਸ਼ਾਂ ਨੂੰ ਇੱਕ-ਦੂਜੇ ਨਾਲ ਗੱਲਬਾਤ ਕਰਕੇ ਮੁੱਦਿਆਂ ਨੂੰ ਸੁਲਝਾਉਣਾ ਚਾਹੀਦਾ ਹੈ।"