Dr Manmohan Singh Letter: ਸਾਬਕਾ ਪ੍ਰਧਾਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਮਨਮੋਹਨ ਸਿੰਘ ਨੇ ਜਿੱਥੇ ਲੋਕ ਸਭਾ ਚੋਣਾਂ 2024 ਦੇ ਆਖਰੀ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਵੋਟਰਾਂ ਨੂੰ ਵਿਸ਼ੇਸ਼ ਅਪੀਲ ਕੀਤੀ, ਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਜ਼ੋਰਦਾਰ ਹਮਲਾ ਬੋਲਿਆ। ਜਿਸ ਵਿੱਚ ਉਨ੍ਹਾਂ ਨੇ ਪੀਐਮ ਮੋਦੀ ਦੀ  ਨੀਤੀਆਂ ਅਤੇ ਭਾਸ਼ਾ ਸੁਧਾਰ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਨਮੋਹਨ ਸਿੰਘ ਨੇ ਵੀਰਵਾਰ ਯਾਨੀਕਿ ਅੱਜ 30 ਮਈ ਨੂੰ ਇੱਕ ਪੱਤਰ ਜਾਰੀ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਕਈ ਹੋਰ ਗੱਲਾਂ ਵੀ ਕਹੀਆਂ।



 


ਸੰਵਿਧਾਨ ਦੀ ਰੱਖਿਆ ਕਰਨ ਦਾ ਇੱਕ ਆਖਰੀ ਮੌਕਾ-ਡਾ: ਮਨਮੋਹਨ ਸਿੰਘ


ਡਾ: ਮਨਮੋਹਨ ਸਿੰਘ ਨੇ ਕਿਹਾ, ਮੇਰੇ ਪਿਆਰੇ ਸਾਥੀਓ, ਭਾਰਤ ਇੱਕ ਨਾਜ਼ੁਕ ਮੋੜ 'ਤੇ ਖੜ੍ਹਾ ਹੈ। ਵੋਟਿੰਗ ਦੇ ਅੰਤਿਮ ਦੌਰ ਵਿੱਚ, ਸਾਡੇ ਕੋਲ ਇੱਕ ਤਾਨਾਸ਼ਾਹੀ ਸ਼ਾਸਨ ਨੂੰ ਖਤਮ ਕਰਕੇ ਆਪਣੇ ਲੋਕਤੰਤਰ ਅਤੇ ਸਾਡੇ ਸੰਵਿਧਾਨ ਦੀ ਰੱਖਿਆ ਕਰਨ ਦਾ ਇੱਕ ਆਖਰੀ ਮੌਕਾ ਹੈ। ਪੰਜਾਬ ਅਤੇ ਪੰਜਾਬ ਵਾਸੀ ਯੋਧੇ ਹਨ। ਅਸੀਂ ਆਪਣੀ ਕੁਰਬਾਨੀ ਦੀ ਭਾਵਨਾ ਲਈ ਜਾਣੇ ਜਾਂਦੇ ਹਾਂ। ਲੋਕਤੰਤਰੀ ਪ੍ਰਣਾਲੀ ਵਿੱਚ ਸਾਡੀ ਸਦਭਾਵਨਾ, ਦਯਾ ਭਾਵਨਾ ਅਤੇ ਲੋਕਤੰਤਰਿਕ ਵਿਸ਼ਵਾਸ ਹੀ ਸਾਡੇ ਮਹਾਨ ਦੇਸ਼ ਦੀ ਰੱਖਿਆ ਕਰ ਸਕਦਾ ਹੈ।


'ਪ੍ਰਧਾਨ ਮੰਤਰੀ ਨੇ ਬਹੁਤ ਹੀ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕੀਤੀ'


ਮਨਮੋਹਨ ਸਿੰਘ ਨੇ ਆਪਣੇ ਪੱਤਰ ਵਿੱਚ ਕਿਹਾ, "ਮੈਂ ਇਸ ਚੋਣ ਪ੍ਰਚਾਰ ਦੌਰਾਨ ਸਿਆਸੀ ਚਰਚਾ ਨੂੰ ਬਹੁਤ ਧਿਆਨ ਨਾਲ ਦੇਖ ਰਿਹਾ ਹਾਂ। ਮੋਦੀ ਜੀ ਨੇ ਬਹੁਤ ਸਾਰੇ ਨਫ਼ਰਤ ਭਰੇ ਭਾਸ਼ਣ ਦਿੱਤੇ ਹਨ, ਜੋ ਭਾਈਚਾਰਾ ਅਤੇ ਏਕਤਾ ਨੂੰ ਤੋੜਨ ਵਾਲੇ ਹਨ। ਮੋਦੀ ਜੀ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਇਸ ਪਦ ਦੀ ਇੱਜ਼ਤ ਨੂੰ ਘਟਾਇਆ ਹੈ ਅਤੇ ਇਸ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਗੰਭੀਰਤਾ ਨੂੰ ਵੀ ਘਟ ਕਰ ਦਿੱਤਾ ਹੈ।


ਇਸ ਤੋਂ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਿਸੇ ਵਿਸ਼ੇਸ਼ ਵਰਗ ਜਾਂ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਲਈ ਅਜਿਹੀ ਘਿਣਾਉਣੀ, ਗੈਰ-ਸੰਸਦੀ ਅਤੇ ਨੀਵੇਂ ਪੱਧਰ ਦੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਸੀ। ਉਨ੍ਹਾਂ ਨੇ ਮੇਰੇ ਬਾਰੇ ਕੁਝ ਗਲਤ ਬਿਆਨ ਵੀ ਦਿੱਤੇ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੱਕ ਭਾਈਚਾਰੇ ਨੂੰ ਦੂਜੇ ਤੋਂ ਵੱਖ ਨਹੀਂ ਕੀਤਾ। ਇਹ ਭਾਜਪਾ ਦਾ ਵਿਸ਼ੇਸ਼ ਅਧਿਕਾਰ ਅਤੇ ਆਦਤ ਹੈ।


'ਭਾਜਪਾ ਨੇ 10 ਸਾਲਾਂ 'ਚ ਪੰਜਾਬ ਨੂੰ ਬਦਨਾਮ ਕੀਤਾ'


ਮਨਮੋਹਨ ਸਿੰਘ ਨੇ ਅੱਗੇ ਲਿਖਿਆ, ਪਿਛਲੇ 10 ਸਾਲਾਂ ਵਿੱਚ ਭਾਜਪਾ ਸਰਕਾਰ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦੇ 750 ਕਿਸਾਨ ਸ਼ਹੀਦ ਹੋ ਚੁੱਕੇ ਹਨ। ਕਿਸਾਨ ਕਈ ਮਹੀਨਿਆਂ ਤੱਕ ਦਿੱਲੀ ਦੀਆਂ ਸਰਹੱਦਾਂ 'ਤੇ ਉਡੀਕ ਕਰਦੇ ਰਹੇ। ਸਰਕਾਰ ਨੇ ਉਨ੍ਹਾਂ 'ਤੇ ਹਮਲੇ ਕੀਤੇ। ਪਾਰਲੀਮੈਂਟ ਵਿੱਚ ਕਿਸਾਨਾਂ ਨੂੰ ਅੰਦੋਲਨਕਾਰੀ ਅਤੇ ਪਰਜੀਵੀ ਕਿਹਾ ਗਿਆ।


ਕਿਸਾਨਾਂ ਦਾ ਮੁੱਦਾ ਵੀ ਉਠਾਇਆ


ਮੋਦੀ ਜੀ ਨੇ 2022 ਤੱਕ ਸਾਡੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਪਰ ਇਸ ਦੇ ਉਲਟ 10 ਸਾਲਾਂ ਵਿੱਚ ਕਿਸਾਨਾਂ ਦੀ ਆਮਦਨ ਘੱਟ ਗਈ ਹੈ। ਸਾਡੇ ਕਿਸਾਨ ਪਰਿਵਾਰਾਂ ਦੀ ਬੱਚਤ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਨੂੰ ਕਿਨਾਰੇ 'ਤੇ ਛੱਡ ਦਿੱਤਾ। ਇਸ ਵਾਰ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ “ਕਿਸਾਨ ਇਨਸਾਫ਼” ਤਹਿਤ 5 ਗਰੰਟੀਆਂ ਹਨ। ਕਾਂਗਰਸ ਨੇ ਐਮਐਸਪੀ ਦੀ ਕਾਨੂੰਨੀ ਗਾਰੰਟੀ, ਖੇਤੀਬਾੜੀ ਲਈ ਸਥਿਰ ਨਿਰਯਾਤ-ਆਯਾਤ ਨੀਤੀ, ਕਰਜ਼ਾ ਮੁਆਫੀ ਅਤੇ ਹੋਰ ਕਈ ਐਲਾਨ ਕੀਤੇ ਹਨ।


ਨੋਟਬੰਦੀ ਵਰਗੇ ਫੈਸਲਿਆਂ ਨੂੰ ਗਲਤ ਦੱਸਿਆ ਗਿਆ


ਮਨਮੋਹਨ ਸਿੰਘ ਨੇ ਵੀ ਆਪਣੇ ਪੱਤਰ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਪਿਛਲੇ 10 ਸਾਲਾਂ 'ਚ ਦੇਸ਼ ਦੀ ਅਰਥਵਿਵਸਥਾ ਨੇ ਕਲਪਨਾਯੋਗ ਉਥਲ-ਪੁਥਲ ਦੇਖੀ ਹੈ। ਨੋਟਬੰਦੀ, ਜੀਐਸਟੀ ਦੇ ਗਲਤ ਅਮਲ, ਕੋਰੋਨਾ ਕਾਰਨ ਲੌਕਡਾਊਨ ਦੇ ਫੈਸਲੇ ਨੇ ਤਰਸਯੋਗ ਸਥਿਤੀ ਪੈਦਾ ਕਰ ਦਿੱਤੀ ਹੈ। ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਔਸਤ GDP ਵਿਕਾਸ ਦਰ 6 ਫੀਸਦੀ ਤੋਂ ਵੀ ਘੱਟ ਰਹੀ ਹੈ, ਜਦਕਿ ਕਾਂਗਰਸ-ਯੂਪੀਏ ਦੇ ਕਾਰਜਕਾਲ ਦੌਰਾਨ ਇਹ 8 ਫੀਸਦੀ ਦੇ ਆਸ-ਪਾਸ ਸੀ।