BJP Manifesto For Lok Sabha Elections 2024: ਲੋਕ ਸਭਾ ਚੋਣਾਂ 2024 ਵਿੱਚ 400 ਸੀਟਾਂ ਦਾ ਟੀਚਾ ਹਾਸਲ ਕਰਨ ਲਈ ਬੀਜੇਪੀ ਵੱਡਾ ਦਾਅ ਖੇਡਣ ਦੀ ਪਲਾਨਿੰਗ ਕਰ ਰਹੀ ਹੈ। ਇਸ ਲਈ ਬੀਜੇਪੀ ਵੱਲੋਂ ਗਰੀਬਾਂ, ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਦੇ ਵੋਟ ਖਿੱਚਣ ਲਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਬੀਜੇਪੀ ਲਈ ਸਭ ਤੋਂ ਅਹਿਮ ਕਿਸਾਨ ਵੋਟ ਮੰਨੀ ਜਾ ਰਹੀ ਹੈ ਕਿਉਂਕਿ ਕਿਸਾਨਾਂ ਦੇ ਮਸਲੇ ਉਪਰ ਹੀ ਮੋਦੀ ਸਰਕਾਰ ਲਗਾਤਾਰ ਘਿਰਦੀ ਰਹੀ ਹੈ।


ਦਰਅਸਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੋਕ ਸਭਾ ਚੋਣਾਂ 2024 ਵਿੱਚ ਆਪਣੇ ਲਈ 370 ਤੋਂ ਵੱਧ ਸੀਟਾਂ ਤੇ ਐਨਡੀਏ ਲਈ 400 ਤੋਂ ਵੱਧ ਸੀਟਾਂ ਦਾ ਟੀਚਾ ਰੱਖਿਆ ਹੈ। ਇਸ ਲਈ ਬੀਜੇਪੀ  ਵੱਲੋਂ ਜਲਦੀ ਹੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਏਗਾ। ਇਸ ਚੋਣ ਮਨੋਰਥ ਪੱਤਰ ਵਿੱਚ ਪਾਰਟੀ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਅਨੁਸਾਰ ਭਾਜਪਾ ਦੀ ਚੋਣ ਮੈਨੀਫੈਸਟੋ ਕਮੇਟੀ ਦੀ ਅਗਲੀ ਮੀਟਿੰਗ 4 ਅਪ੍ਰੈਲ ਨੂੰ ਹੋਵੇਗੀ।


ਸੂਤਰਾਂ ਦੀ ਮੰਨੀਏ ਤਾਂ ਭਾਜਪਾ ਇਸ ਚੋਣ ਮਨੋਰਥ ਪੱਤਰ ਨੂੰ ਮੋਦੀ ਦੀ ਗਾਰੰਟੀ ਦੇ ਨਾਂ 'ਤੇ ਪੇਸ਼ ਕਰਨ ਜਾ ਰਹੀ ਹੈ। ਇਸ ਵਿੱਚ ਕਿਸਾਨਾਂ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ ਤਿਆਰੀ ਕੀਤੀ ਗਈ ਹੈ। ਪਾਰਟੀ ਨੇ ਕਿਸਾਨ ਸਨਮਾਨ ਫੰਡ ਵਧਾਉਣ ਦਾ ਵਾਅਦਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਮੈਨੀਫੈਸਟੋ ਵਿੱਚ ਇਸ ਨੂੰ ਸ਼ਾਮਲ ਕੀਤਾ ਜਾਵੇਗਾ।


ਭਾਜਪਾ ਨੇ 27 ਮੈਂਬਰੀ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਹੈ ਤੇ ਇਸ ਦੇ ਚੇਅਰਮੈਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਹਨ। ਪਾਰਟੀ ਦਾ ਮੈਨੀਫੈਸਟੋ ਦੋ ਵਿਸ਼ਿਆਂ 'ਤੇ ਆਧਾਰਿਤ ਹੋਵੇਗਾ ਜਿਸ 'ਚ ਮੋਦੀ ਦੀ ਗਾਰੰਟੀ ਤੇ 2047 ਤੱਕ ਭਾਰਤ ਦਾ ਵਿਕਾਸ ਕਰਨ ਦਾ ਵਿਸ਼ਾ ਸ਼ਾਮਲ ਹੈ। ਇਸ ਤੋਂ ਇਲਾਵਾ ਪਿਛਲੇ 10 ਸਾਲਾਂ ਵਿੱਚ ਸਰਕਾਰ ਦੇ ਕੰਮਾਂ ਤੇ ਪੂਰੇ ਕੀਤੇ ਵਾਅਦਿਆਂ ਦਾ ਵੇਰਵਾ ਵੀ ਇਸ ਚੋਣ ਮਨੋਰਥ ਪੱਤਰ ਵਿੱਚ ਦਰਜ ਹੋਵੇਗਾ।


ਸੂਤਰਾਂ ਮੁਤਾਬਕ ਇਸ ਵਾਰ ਬੀਜੇਪੀ ਗਰੀਬਾਂ, ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਚੋਣ ਮਨੋਰਥ ਪੱਤਰ ਤਿਆਰ ਕਰ ਰਹੀ ਹੈ। ਸੂਤਰਾਂ ਮੁਤਾਬਕ ਭਾਜਪਾ 19 ਅਪ੍ਰੈਲ ਨੂੰ ਹੋਣ ਵਾਲੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਇਸ ਨੂੰ ਜਾਰੀ ਕਰ ਸਕਦੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।