ਮੋਦੀ ਰਾਜ ਦੇ 17 ਮਹੀਨਿਆਂ 'ਚ 19 ਵਾਰ ਗੈਸ ਮਹਿੰਗੀ, ਗੁਜਰਾਤ ਚੋਣਾਂ ਕਰਕੇ ਹੁਣ ਲਾਈ ਬਰੇਕ
ਏਬੀਪੀ ਸਾਂਝਾ | 11 Dec 2017 12:50 PM (IST)
ਨਵੀਂ ਦਿੱਲੀ: ਪਿਛਲੇ 17 ਮਹੀਨਿਆਂ 'ਚ 19 ਵਾਰ ਐਲਪੀਜੀ ਗੈਸ ਸਿਲੰਡਰ ਦੇ ਰੇਟ ਵਧੇ ਹਨ। ਪੂਰੇ 76.5 ਰੁਪਏ ਦਾ ਵਾਧਾ ਹੋਇਆ ਹੈ। ਮੁਲਕ ਦੀਆਂ ਤੇਲ ਕੰਪਨੀਆਂ ਨੇ ਇਸ ਮਹੀਨੇ ਰੇਟ ਨਾ ਵਧਾਉਣ ਦਾ ਫੈਸਲਾ ਲਿਆ ਹੈ। ਸਰਕਾਰੀ ਕੰਪਨੀ ਇੰਡੀਅਨ ਆਇਲ ਕਾਰਪ, ਭਾਰਤ ਪੈਟ੍ਰੋਲੀਅਮ ਤੇ ਹਿੰਦੁਸਤਾਨ ਪੈਟ੍ਰੋਲੀਅਮ ਪਿਛਲੇ ਸਾਲ ਜੁਲਾਈ ਤੋਂ ਹਰ ਮਹੀਨੇ ਐਲਪੀਜੀ ਸਿਲੰਡਰ ਮਹਿੰਗਾ ਕਰ ਰਹੇ ਹਨ। ਉਨ੍ਹਾਂ ਦਾ ਮਕਸਦ 2018 ਤੱਕ ਸਰਕਾਰੀ ਸਬਸਿਡੀ ਨੂੰ ਖਤਮ ਕਰਨਾ ਹੈ। ਇਸ ਵਾਰ ਗੁਜਰਾਤ ਚੋਣਾਂ ਤੋਂ ਪਹਿਲਾਂ ਰੇਟ ਨਹੀਂ ਵਧਾਏ ਗਏ। ਤਿੰਨੇ ਕੰਪਨੀਆਂ ਦੇ ਵੱਡੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਹੀਨੇ ਐਲਜੀਪੀ ਸਿਲੰਡਰ ਮਹਿੰਗਾ ਨਹੀਂ ਕੀਤਾ ਪਰ ਇਸ ਬਾਰੇ ਹੋਰ ਕੁਝ ਨਹੀਂ ਦਸ ਸਕਦੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਗੁਜਰਾਤ ਚੋਣਾਂ ਕਰਕੇ ਇਸ ਵਾਰ ਰੇਟ ਨਹੀਂ ਵਧਾਏ ਗਏ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਕੰਪਨੀਆਂ ਮੁਤਾਬਕ ਐਲਪੀਜੀ ਦੀ ਕੀਮਤ ਇੱਕ ਨਵੰਬਰ ਨੂੰ 4.5 ਰੁਪਏ ਵਧਾਈ ਗਈ ਸੀ ਜਿਸ ਨਾਲ ਇਹ 495 ਰੁਪਏ ਹੋ ਗਈ ਹੈ।