ਚੰਡੀਗੜ੍ਹ: ਭੋਪਾਲ ਦੀ ਅਦਾਲਤ ਨੇ ਸੜਕ ’ਤੇ ਪ੍ਰੈੱਸ ਕਾਨਫਰੰਸ ਕਰਕੇ ਚੋਣ ਜ਼ਾਬਤੇ ਦਾ ਉਲੰਘਣ ਕਰਨ ਦੇ ਮਾਮਲੇ ਵਿੱਚ ਬੀਜੇਪੀ ਦੇ ਕੌਮੀ ਬੁਲਾਰਾ ਸੰਬਿਤ ਪਾਤਰਾ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ਸਬੰਧੀ ਭੁਵਨੇਸ਼ਵਰ ਪ੍ਰਸਾਦ ਮਿਸ਼ਰਾ ਵੱਲੋਂ ਵਕੀਲ ਯਾਵਰ ਖ਼ਾਨ ਨੇ ਸੰਬਿਤ ਪਾਤਰੀ ਤੇ ਸੇਵਾ ਮੁਕਤ ਆਈਏਐਸ ਅਧਿਕਾਰੀ ਐਸਐਸ ਉੱਪਲ ਖ਼ਿਲਾਫ਼ ਅਦਾਲਤ ਵਿੱਚ ਸ਼ਿਕਾਇਤ ਦਰਜ ਕੀਤੀ ਸੀ। ਇਸ ਕੇਸ ਵਿੱਚ ਮੈਜਿਸਟਰੇਟ ਪ੍ਰਕਾਸ਼ ਕੁਮਾਰ ਉਈਕੇ ਨੇ ਪਾਤਰਾ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ।
ਸੰਬਿਤ ਪਾਤਰਾ ਤੇ ਸੇਵਾ ਮੁਕਤ ਆਈਏਐਸ ਅਧਿਕਾਰੀ ਐਸਐਸ ਉੱਪਲ ਖ਼ਿਲਾਫ਼ ਦਰਜ ਸ਼ਿਕਾਇਤ ਮੁਤਾਬਕ 27 ਅਕਤੂਬਰ ਨੂੰ ਭੋਪਾਲ ਦੇ ਐਮਪੀ ਨਗਰ ਵਿੱਚ ਵਿਸ਼ਾਲ ਮੈਗਾ ਮਾਕਟ ਕੋਲ ਰਸਤਾ ਰੋਕਿਆ ਤੇ ਟੈਂਟ-ਕੁਰਸੀਆਂ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਦੇ ਨਾਲ ਪਾਤਰਾ ਨੇ ਬਿਨਾਂ ਮਨਜ਼ੂਰੀ ਲਏ ਪ੍ਰੈੱਸ ਕਾਨਫਰੰਸ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਵੀ ਕੀਤੀ। ਇਸ ਸਬੰਧੀ ਚੋਣ ਕਮਿਸ਼ਨ ਦਫ਼ਤਰ ਤੇ ਪੁਲਿਸ ਸੁਪਰਡੈਂਟ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ।
ਮੈਜਿਸਟ੍ਰੇਟ ਨੇ ਥਾਣਾ ਐਮਪੀ ਨਗਰ ਨੂੰ ਸੰਬਿਤ ਪਾਤਰਾ ਐਸਐਸ ਉੱਪਲ ਖਿਲਾਫ ਕੇਸ ਦਰਜ ਕਰਕੇ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਸੀ। ਐਸਐਸ ਉੱਪਲ ਨੇ ਅਦਾਲਤ ਵਿੱਚ ਪੇਸ਼ ਹੋ ਕੇ 26 ਦਸੰਬਰ ਨੂੰ ਜ਼ਮਾਨਤ ਅਰਜ਼ੀ ਦਿੱਤੀ ਸੀ। ਮੈਜਿਸਟਰੇਟ ਨੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਕਰਕੇ 5 ਹਜ਼ਾਰ ਰੁਪਏ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਦੂਜੇ ਪਾਸੇ ਪਾਤਰਾ ਅਦਾਲਤ ਵਿੱਚ ਪੇਸ਼ ਨਹੀਂ ਹੋਏ, ਜਿਸ ਕਰਕੇ ਅਦਾਲਤ ਮੈਜਿਸਟਰੇਟ ਨੇ ਪਾਤਰਾ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ।