ਦਮੋਹ: ਮੱਧ ਪ੍ਰਦੇਸ਼ ਦੀ ਦਮੋਹ ਵਿਧਾਨ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਮੋਹ ਤੋਂ ਕਾਂਗਰਸੀ ਉਮੀਦਵਾਰ ਅਜੈ ਟੰਡਨ ਨੇ ਆਪਣੇ ਵਿਰੋਧੀ ਤੇ ਭਾਜਪਾ ਉਮੀਦਵਾਰ ਰਾਹੁਲ ਸਿੰਘ ਲੋਧੀ ਨੂੰ 17,097 ਵੋਟਾਂ ਨਾਲ ਮਾਤ ਦੇ ਦਿੱਤੀ ਹੈ।


ਦਮੋਹ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ 17 ਅਪ੍ਰੈਲ ਨੂੰ ਪੂਰੀ ਹੋਈ ਸੀ ਅਤੇ ਇਸ ਮੌਕੇ 59.9 ਫ਼ੀਸਦ ਵੋਟਾਂ ਪਈਆਂ ਸਨ। ਇਸ ਸੀਟ 'ਤੇ ਦੋ ਮਹਿਲਾ ਉਮੀਦਵਾਰਾਂ ਸਮੇਤ ਕੁੱਲ 22 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ, ਪਰ ਮੁੱਖ ਮੁਕਾਬਲਾ ਕਾਂਗਰਸ ਦੇ ਅਜੈ ਟੰਡਨ ਅਤੇ ਭਾਜਪਾ ਦੇ ਰਾਹੁਲ ਸਿੰਘ ਲੋਧੀ ਦਰਮਿਆਨ ਸੀ।


ਸਾਲ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਧੀ ਕਾਂਗਰਸ ਦੀ ਟਿਕਟ ਤੋਂ ਹੀ ਵਿਧਾਇਕ ਚੁਣੇ ਗਏ ਸਨ, ਪਰ ਪਿਛਲੇ ਸਾਲ ਅਕਤੂਬਰ ਵਿੱਚ ਉਨ੍ਹਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਬਾਅਦ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ। ਇਸੇ ਕਾਰਨ ਇਹ ਸੀਟ ਖਾਲੀ ਹੋ ਗਈ ਸੀ ਅਤੇ ਸਾਲ 2021 ਵਿੱਚ ਪੱਛਮੀ ਬੰਗਾਲ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਮੱਧ ਪ੍ਰਦੇਸ਼ ਦੀ ਦਮੋਹ ਸੀਟ ਲਈ ਵੀ ਜ਼ਿਮਨੀ ਚੋਣ ਕਰਵਾਈ ਗਈ।


ਸ਼ੁਰੂ ਤੋਂ ਹੀ ਚੜ੍ਹਤ ਬਣਾਈ


ਐਤਵਾਰ ਨੂੰ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਵੋਟਾਂ ਦੀ ਗਿਣਤੀ ਪਾਲੀਟੈਕਨਿਕ ਕਾਲਜ ਵਿੱਚ ਸ਼ੁਰੂ ਹੋਈ। ਗਿਣਤੀ 26 ਗੇੜਾਂ ਵਿੱਚ ਪੂਰੀ ਹੋਈ, ਜਿਸ ਵਿੱਚ ਕਾਂਗਰਸੀ ਉਮੀਦਵਾਰ ਅਜੈ ਟੰਡਨ ਨੇ 17,089 ਵੋਟਾਂ ਨਾਲ ਜਿੱਤ ਦਰਜ ਕੀਤੀ। ਅਜੈ ਟੰਡਨ ਨੇ ਪਹਿਲੇ ਹੀ ਰਾਊਂਡ ਤੋਂ ਭਾਜਪਾ ਉਮੀਦਵਾਰ ਰਾਹੁਲ ਸਿੰਘ ਲੋਧੀ ਤੋਂ ਲੀਡ ਹਾਸਲ ਕਰ ਲਈ ਸੀ ਅਤੇ ਅੰਤ ਵਿੱਚ ਉਹ ਇਸ ਚੜ੍ਹਤ ਨੂੰ ਜਿੱਤ ਵਿੱਚ ਬਦਲਣ ਵਿੱਚ ਸਫਲ ਰਹੇ। ਟੰਡਨ ਤੀਜੀ ਵਾਰ ਵਿਧਾਇਕ ਚੁਣੇ ਗਏ ਹਨ।


ਦੱਸਣਾ ਬਣਦਾ ਹੈ ਕਿ ਸਾਲ 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਮਲ ਨਾਥ ਦੀ ਅਗਵਾਈ ਵਿੱਚ ਕਾਂਗਰਸ ਨੇ ਗਠਜੋੜ ਵਾਲੀ ਸਰਕਾਰ ਕਾਇਮ ਕੀਤੀ ਸੀ। ਪਰ ਸਾਲ 2020 ਵਿੱਚ ਕਾਂਗਰਸ ਸਰਕਾਰ ਵਿੱਚ ਵੱਡੀ ਹਲਚਲ ਹੋਈ ਅਤੇ 22 ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਸਨ। ਇਨ੍ਹਾਂ ਵਿੱਚ ਜਯੋਤੀਰਾਦਿਤਿਆ ਸਿੰਧੀਆ ਵੀ ਸ਼ਾਮਲ ਸਨ ਜੋ ਹੁਣ ਭਾਜਪਾ ਦੇ ਰਾਜ ਸਭਾ ਮੈਂਬਰ ਹਨ। ਵਿਧਾਇਕਾਂ ਦੇ ਅਸਤੀਫਿਆਂ ਪਿੱਛੇ ਕਾਂਗਰਸ ਨੇ ਭਾਜਪਾ ਉੱਪਰ ਐਮਐਲਏ ਖਰੀਦਣ ਦੇ ਦੋਸ਼ ਵੀ ਲਾਏ ਸਨ। ਅਸਤੀਫੇ ਦੇਣ ਵਾਲੇ 22 ਵਿੱਚੋਂ 18 ਵਿਧਾਇਕ ਭਾਜਪਾ ਦੇ ਹੋਣ ਮਗਰੋਂ ਆਪਣੀਆਂ ਸੀਟਾਂ ਜਿੱਤ ਚੁੱਕੇ ਸਨ ਪਰ ਦਮੋਹ ਸੀਟ ਅਕਤੂਬਰ ਵਿੱਚ ਖਾਲੀ ਹੋਈ ਸੀ, ਜਿਸ ਕਾਰਨ ਇੱਥੇ ਜ਼ਿਮਨੀ ਚੋਣ ਇਸ ਸਾਲ ਪੂਰੀ ਕੀਤੀ ਗਈ ਹੈ।