ਭੋਪਾਲ: ਮੱਧ ਪ੍ਰਦੇਸ਼ ਵਿੱਚ ਸਰਕਾਰ ਮੋਬਾਈਲ ਫੋਨ ਐਪ ਅਧਾਰਿਤ ਕੈਬ ਸੇਵਾਵਾਂ ਚਲਾਉਣ ਵਾਲੀਆਂ ਕੰਪਨੀਆਂ ਲਈ ਜਲਦੀ ਹੀ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ। ਇਸ ਦੇ ਤਹਿਤ ਕੈਬ ਕੰਪਨੀ ਨੂੰ ਬੁਕਿੰਗ ਸਵੀਕਾਰ ਕਰਨ ਤੋਂ ਬਾਅਦ ਸੇਵਾ ਕਰਨ ਤੋਂ ਇਨਕਾਰ ਕਰਨ 'ਤੇ 1000 ਰੁਪਏ ਜ਼ੁਰਮਾਨਾ ਅਦਾ ਕਰਨਾ ਪਏਗਾ।
ਸੂਬੇ ਦੇ ਟਰਾਂਸਪੋਰਟ ਵਿਭਾਗ ਦੇ ਡਿਪਟੀ ਸੈਕਟਰੀ ਨਿਆਜ਼ ਖਾਨ ਨੇ ਕਿਹਾ ਕਿ ਜੇ ਕੈਬ ਕੰਪਨੀ ਨੇ ਬੁਕਿੰਗ ਨੂੰ ਸਵੀਕਾਰ ਕਰਨ ਤੋਂ ਬਾਅਦ ਗਾਹਕ ਦੀ ਸੇਵਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਕੰਪਨੀ ਨੂੰ 1000 ਰੁਪਏ ਜ਼ੁਰਮਾਨਾ ਦੇਣਾ ਪਵੇਗਾ। ਦਰਅਸਲ, ਸਰਕਾਰ ਨੇ ਕੈਬ ਕੰਪਨੀਆਂ ਨੂੰ ਚਲਾਉਣ ਲਈ ਨਿਯਮਾਂ ਦਾ ਖਰੜਾ ਤਿਆਰ ਕੀਤਾ ਹੈ।
ਖ਼ਾਨ ਨੇ ਕਿਹਾ ਕਿ ਇਹ ਖਰੜਾ ਪ੍ਰਸ਼ਾਸਕੀ ਮਨਜ਼ੂਰੀ ਤੋਂ ਬਾਅਦ ਰਾਜ ਦੇ ਕਾਨੂੰਨ ਵਿਭਾਗ ਨੂੰ ਭੇਜਿਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਕਾਨੂੰਨ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਇਸ ਨੂੰ ਇੱਕ ਮਹੀਨੇ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਓਲਾ, ਊਬਰ ਤੇ ਇਕ ਹੋਰ ਕੈਬ ਕੰਪਨੀ ਸੂਬੇ ਦੇ ਵੱਡੇ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ।
ਸੂਤਰਾਂ ਨੇ ਦੱਸਿਆ ਕਿ ਕੈਬ ਬੁੱਕ ਕਰਨ ਵਾਲੇ ਗਾਹਕਾਂ ਨੇ ਇਸ ਸਬੰਧ ਵਿੱਚ ਕੈਬ ਕੰਪਨੀਆਂ ਦੀ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ। ਇਸੇ ਲਈ ਸਰਕਾਰ ਨੇ ਇਸ ਮਾਮਲੇ ਵਿੱਚ ਇਹ ਪਹਿਲ ਕੀਤੀ ਹੈ।