ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਬੀਜੇਪੀ-ਸ਼ਿਵਸੈਨਾ ਗੱਠਜੋੜ ਨੇ ਬਹੁਗਿਣਤੀ ਦੇ ਅੰਕੜੇ ਤਾਂ ਪਾਰ ਕਰ ਲਏ ਹਨ ਪਰ ਹਾਲੇ ਤਕ ਤਸਵੀਰ ਸਪੱਸ਼ਟ ਨਹੀਂ ਹੈ ਕਿ ਰਾਜ ਦਾ ਮੁੱਖ ਮੰਤਰੀ ਕੌਣ ਹੋਵੇਗਾ। ਮੁੱਖ ਮੰਤਰੀ ਦੇ ਅਹੁਦੇ ‘ਤੇ ਸਸਪੈਂਸ ਬਣਿਆ ਹੋਇਆ ਹੈ। ਇਸੇ ਵਿਚਾਲੇ ਸ਼ਿਵਸੈਨਾ ਲਗਾਤਾਰ ਬੀਜੇਪੀ ਨੂੰ 50-50 ਦੇ ਫਾਰਮੂਲੇ ਦੀ ਯਾਦ ਦਿਵਾ ਰਹੀ ਹੈ ਤੇ ਆਪਣੇ ਮੁੱਖ ਪੱਤਰ 'ਸਾਮਨਾ' ਜ਼ਰੀਏ ਵੀ ਬੀਜੇਪੀ ਨੂੰ ਨਿਸ਼ਾਨਾ ਬਣਾ ਰਹੀ ਹੈ। ਹੁਣ ਬੀਜੇਪੀ ਦੀ ਹਾਈ ਕਮਾਨ ਨੇ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਦਰਅਸਲ, ਸ਼ਿਵਸੈਨਾ ਨੇ ਹਾਲ ਹੀ ਵਿੱਚ ਆਪਣੇ ਮੁੱਖ ਪੱਤਰ 'ਸਾਮਨਾ' ਵਿੱਚ 50-50 ਦੇ ਫਾਰਮੂਲੇ ਦਾ ਜ਼ਿਕਰ ਕੀਤਾ ਹੈ। ਇਸਦੇ ਨਾਲ ਹੀ ਐਨਸੀਪੀ ਮੁਖੀ ਸ਼ਰਦ ਪਵਾਰ ਦੀ ਵੀ ਉਨ੍ਹਾਂ ਦੇ ਲੇਖ ਵਿੱਚ ਪ੍ਰਸ਼ੰਸਾ ਕੀਤੀ ਗਈ। ਉੱਧਰ ਬੀਜੇਪੀ ਹਾਈ ਕਮਾਂਡ ਇਸ ਲੇਖ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੀ ਹੈ।
ਇੰਨਾ ਹੀ ਨਹੀਂ, ਬੀਜੇਪੀ ਨੇ ਸ਼ਿਵਸੈਨਾ ਨੂੰ ਹਦਾਇਤ ਦਿੱਤੀ ਕਿ ਜੇ ਉਸ ਨੂੰ ਸਰਕਾਰ ਬਣਾਉਣ ਬਾਰੇ ਵਿਚਾਰ ਵਟਾਂਦਰੇ ਕਰਨੇ ਹਨ ਤਾਂ ਉਹ ਸਾਮਨਾ ਰਾਹੀਂ ਅੱਗ ਉਗਲਣਾ ਬੰਦ ਕਰੇ। ਜੇ ਅਜਿਹਾ ਨਹੀਂ ਹੁੰਦਾ ਤਾਂ ਕਿਸੇ ਕਿਸਮ ਦੀ ਕੋਈ ਚਰਚਾ ਨਹੀਂ ਹੋਵੇਗੀ। ਇਸ ਦੌਰਾਨ, ਸੀਐਮ ਦੇ ਅਹੁਦੇ ਨੂੰ ਲੈ ਕੇ ਸਸਪੈਂਸ ਦੇ ਵਿਚਕਾਰ, ਦੇਵੇਂਦਰ ਫੜਨਵੀਸ ਤੇ ਸ਼ਿਵ ਸੈਨਾ ਦੇ ਨੇਤਾ ਦੀਵਾਕਰ ਰਾਉਤੇ ਨੇ ਵੱਖਰੇ ਤੌਰ 'ਤੇ ਰਾਜ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ।
ਦਰਅਸਲ, ਸ਼ਿਵ ਸੈਨਾ ਮੁੱਖ ਮੰਤਰੀ ਦੇ ਅਹੁਦੇ ਦੀ ਮੰਗ 'ਤੇ ਅੜੀ ਹੈ। ਊਧਵ ਠਾਕਰੇ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਸਮੇਂ, ਬੀਜੇਪੀ ਅਤੇ ਸ਼ਿਵ ਸੈਨਾ ਵਿਚ 50-50 ਦਾ ਫਾਰਮੂਲਾ ਤੈਅ ਹੋਇਆ ਸੀ। ਇਸ ਦੇ ਤਹਿਤ ਢਾਈ ਸਾਲ ਬੀਜੇਪੀ ਅਤੇ ਢਾਈ ਸਾਲ ਸ਼ਿਵ ਸੈਨਾ ਦੇ ਮੁੱਖ ਮੰਤਰੀ ਹੋਣਗੇ।