ਮੁੰਬਈ : ਮਰਾਠੀ ਅਦਾਕਾਰਾ ਕੇਤਕੀ ਚਿਤਲੇ
  (Ketaki Chitale Marathi Actress) ਨੂੰ ਠਾਣੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਅਭਿਨੇਤਰੀ ਨੂੰ ਪੁਲਿਸ ਨੇ ਐਨਸੀਪੀ ਮੁਖੀ ਸ਼ਰਦ ਪਵਾਰ (NCP Chief Sharad Pawar) 'ਤੇ ਇਤਰਾਜ਼ਯੋਗ ਪੋਸਟ ਲਿਖਣ ਦੇ ਆਰੋਪ 'ਚ ਗ੍ਰਿਫ਼ਤਾਰ ਕੀਤਾ ਹੈ। ਮਹਾਰਾਸ਼ਟਰ ਦੇ ਸਭ ਤੋਂ ਤਜ਼ਰਬੇਕਾਰ ਨੇਤਾ ਸ਼ਰਦ ਪਵਾਰ 'ਤੇ ਇਤਰਾਜ਼ਯੋਗ ਪੋਸਟ ਲਿਖਣ ਤੋਂ ਬਾਅਦ ਕੇਤਕੀ ਚਿਤਲੇ 'ਤੇ 3 ਮਾਮਲੇ ਦਰਜ ਕੀਤੇ ਗਏ ਸਨ। 

 

ਠਾਣੇ ਪੁਲਿਸ ਨੇ ਉਨ੍ਹਾਂ ਦੋਸ਼ਾਂ ਅਤੇ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਾਰਵਾਈ ਕੀਤੀ ਹੈ। ਇਸ ਕਾਰਵਾਈ ਨੂੰ ਲੈ ਕੇ ਜਦੋਂ ਸ਼ਰਦ ਪਵਾਰ ਤੋਂ ਉਨ੍ਹਾਂ ਦੀ ਪ੍ਰੈੱਸ ਕਾਨਫਰੰਸ 'ਚ ਸਵਾਲ ਕੀਤਾ ਗਿਆ ਤਾਂ ਸ਼ਰਦ ਪਵਾਰ ਨੇ ਕਿਹਾ ਕਿ ਉਹ ਕੇਤਕੀ ਚਿਤਲੇ ਨੂੰ ਨਹੀਂ ਜਾਣਦੇ। ਉਸ ਨੂੰ ਹਿਰਾਸਤ ਵਿਚ ਕਿਉਂ ਲਿਆ ਗਿਆ, ਇਹ ਵੀ ਨਹੀਂ ਪਤਾ। ਸ਼ਰਦ ਪਵਾਰ ਨੇ ਕਿਹਾ ਕਿ ਜਿਨ੍ਹਾਂ ਨੂੰ ਉਹ ਪਛਾਣਦੇ ਹੀ ਨਹੀਂ, ਉਨ੍ਹਾਂ ਦੀਆਂ ਪੋਸਟਾਂ ਪੜ੍ਹਨ ਦੀ ਗੱਲ ਕਿੱਥੋਂ ਆਉਂਦੀ ਹੈ।

 

ਕੇਤਕੀ ਚਿਤਲੇ ਨੇ ਐੱਨਸੀਪੀ ਮੁਖੀ ਖ਼ਿਲਾਫ਼ ਇਤਰਾਜ਼ਯੋਗ ਫੇਸਬੁੱਕ ਪੋਸਟ ਲਿਖੀ ਸੀ। ਇਸ ਤੋਂ ਬਾਅਦ ਉਸ ਦੇ ਖਿਲਾਫ ਠਾਣੇ ਦੇ ਕਾਲਵਾ, ਮੁੰਬਈ ਅਤੇ ਪੁਣੇ ਦੇ ਗੋਰੇਗਾਂਵ 'ਚ ਮਾਮਲੇ ਦਰਜ ਕੀਤੇ ਗਏ ਸਨ ਅਤੇ ਸੂਬੇ ਦੇ ਕਈ ਇਲਾਕਿਆਂ 'ਚ ਪੁਲਿਸ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਸਨ।  ਐਨਸੀਪੀ ਨੇਤਾਵਾਂ ਵੱਲੋਂ ਲਗਾਤਾਰ ਕੇਤਕੀ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਇਨ੍ਹਾਂ ਮੰਗਾਂ ਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਵੀ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਸਨ। ਇਸ ਤੋਂ ਬਾਅਦ ਹੁਣ ਠਾਣੇ ਪੁਲਿਸ ਨੇ ਅਦਾਕਾਰਾ ਕੇਤਕੀ ਚਿਤਲੇ ਦੇ ਖਿਲਾਫ ਕਾਰਵਾਈ ਕੀਤੀ ਹੈ।


ਸ਼ਰਦ ਪਵਾਰ ਖਿਲਾਫ ਪੋਸਟ ਕੀਤੀ , ਅਭਿਨੇਤਰੀ ਕੇਤਕੀ ਚਿਤਲੇ ਨੂੰ ਹਿਰਾਸਤ 'ਚ ਲਿਆ ਗਿਆ 



ਕੇਤਕੀ ਖ਼ਿਲਾਫ਼ ਥਾਣਾ ਸਦਰ ਵਿੱਚ ਦਰਜ ਕੇਸ ਦੀ ਜਾਂਚ ਕਰਾਈਮ ਬਰਾਂਚ ਨੂੰ ਸੌਂਪੀ ਜਾ ਰਹੀ ਹੈ। ਪੁਣੇ 'ਚ ਕੇਤਕੀ ਚਿਤਲੇ ਨਾਲ ਅਭਿਨੇਤਾ ਨਿਖਿਲ ਭਾਮਰੇ ਦੇ ਖਿਲਾਫ ਵੀ ਪੁਣੇ 'ਚ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਭਿਨੇਤਰੀ ਕੇਤਕੀ ਨੂੰ ਐਤਵਾਰ ਨੂੰ ਸੰਮਨ ਕਰਕੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਠਾਣੇ ਪੁਲਸ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਹਿਰਾਸਤ 'ਚ ਲੈ ਲਿਆ।

 

ਅਦਾਕਾਰਾ ਖ਼ਿਲਾਫ਼ ਆਈਪੀਸੀ ਦੀ ਧਾਰਾ 153 ਅਤੇ 505 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਨੀਵਾਰ ਨੂੰ ਔਰੰਗਾਬਾਦ 'ਚ ਐੱਨਸੀਪੀ ਵਰਕਰਾਂ ਦਾ ਕੇਤਕੀ ਚਿਤਾਲੇ ਖਿਲਾਫ ਮੋਰਚਾ ਵੀ ਕੱਢਿਆ ਸੀ। ਐਨਸੀਪੀ ਦੇ ਇਸ ਮਹਿਲਾ ਮੋਰਚੇ ਵਿੱਚ ਉਨ੍ਹਾਂ ਦੀ ਤਸਵੀਰ 'ਤੇ ਕਾਲੀ ਸਿਆਹੀ ਸੁੱਟੀ ਗਈ। ਇਸ ਤੋਂ ਪਹਿਲਾਂ ਵੀ ਕੇਤਕੀ ਚਿਤਲੇ ਛਤਰਪਤੀ ਸ਼ਿਵਾਜੀ ਮਹਾਰਾਜ 'ਤੇ ਵਿਵਾਦਿਤ ਬਿਆਨ ਦੇ ਚੁੱਕੀ ਹੈ। ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਬਿਆਨ ਦਾ ਸਪੱਸ਼ਟੀਕਰਨ ਦੇਣਾ ਪਿਆ।