Tree Falls On Temple Shed: ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਇਕ ਮੰਦਰ ਦੇ ਟੀਨ ਸ਼ੈੱਡ 'ਤੇ ਨਿੰਮ ਦਾ ਇਕ ਵੱਡਾ ਦਰੱਖਤ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਜਦਕਿ ਘੱਟੋ-ਘੱਟ 30 ਹੋਰ ਜ਼ਖਮੀ ਹੋ ਗਏ।
ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ 'ਚ ਐਤਵਾਰ ਦੇਰ ਸ਼ਾਮ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਇਸ ਦੌਰਾਨ ਅਕੋਲਾ ਜ਼ਿਲ੍ਹੇ ਦੀ ਬਾਲਾਪੁਰ ਤਹਿਸੀਲ ਦੇ ਪਾਰਸ ਪਿੰਡ ਵਿੱਚ ਬਾਬੂਜੀ ਮਹਾਰਾਜ ਦੇ ਮੰਦਰ ਸੰਸਥਾਨ ਵਿੱਚ ਇੱਕ ਪੁਰਾਣਾ ਨਿੰਮ ਦਾ ਦਰੱਖਤ ਉੱਖੜ ਕੇ ਇੱਕ ਟੀਨ ਸ਼ੈੱਡ ਦੇ 'ਤੇ ਡਿੱਗ ਗਿਆ। ਉਸ ਸਮੇਂ ਬਰਸਾਤ ਕਾਰਨ ਕਈ ਲੋਕਾਂ ਨੇ ਸ਼ੈੱਡ ਹੇਠ ਸ਼ਰਨ ਲਈ ਸੀ। ਸੂਚਨਾ ਮਿਲਦੇ ਹੀ ਸਥਾਨਕ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ ਤੇ ਹੇਠਾਂ ਫਸੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।



ਜ਼ਖਮੀਆਂ ਨੂੰ ਲਿਜਾਇਆ ਗਿਆ ਹਸਪਤਾਲ 



ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਟੀਮ ਤੇ ਐਂਬੂਲੈਂਸ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ 'ਚ ਮਦਦ ਕੀਤੀ। ਡਿੱਗੇ ਦਰੱਖਤਾਂ ਅਤੇ ਡਿੱਗੇ ਸ਼ੈੱਡਾਂ ਨੂੰ ਚੁੱਕਣ ਲਈ ਜੇਸੀਬੀ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਸਨ। ਅਕੋਲਾ ਕਲੈਕਟਰ ਨੀਮਾ ਅਰੋੜਾ ਨੇ ਦੱਸਿਆ ਕਿ ਦਰੱਖਤ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 30-40 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।



ਕੁਲੈਕਟਰ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਸ਼ੈੱਡ ਦੇ ਹੇਠਾਂ ਕਰੀਬ 40 ਲੋਕ ਮੌਜੂਦ ਸਨ। 36 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਦਕਿ 4 ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਅਦ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7 ਹੋ ਗਈ। ਇੱਕ ਵਿਅਕਤੀ ਗੰਭੀਰ ਜ਼ਖਮੀ ਹੈ।



ਉਪ ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ 



ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ''ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਅਕੋਲਾ ਜ਼ਿਲ੍ਹੇ ਦੇ ਪਾਰਸ 'ਚ ਇਕ ਧਾਰਮਿਕ ਸਮਾਰੋਹ ਦੌਰਾਨ ਟੀਨ ਦੇ ਸ਼ੈੱਡ 'ਤੇ ਦਰੱਖਤ ਡਿੱਗਣ ਨਾਲ ਕੁਝ ਸ਼ਰਧਾਲੂਆਂ ਦੀ ਮੌਤ ਹੋ ਗਈ।
ਉਹਨਾਂ ਨੇ ਅੱਗੇ ਲਿਖਿਆ, ਕਲੈਕਟਰ ਅਤੇ ਪੁਲਿਸ ਸੁਪਰਡੈਂਟ ਤੁਰੰਤ ਘਟਨਾ ਸਥਾਨ ਦਾ ਦੌਰਾ ਕਰ ਰਹੇ ਹਨ ਅਤੇ ਜ਼ਖਮੀਆਂ ਦਾ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਲਈ ਤਾਲਮੇਲ ਕਰ ਰਹੇ ਹਨ। ਅਸੀਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ।