ਮੁੰਬਈ: ਮਹਾਰਾਸ਼ਟਰ ਦੇ ਭਿਵੰਡੀ 'ਚ ਇਕ ਕੱਪੜਾ ਡਾਈ ਕਰਨ ਵਾਲੀ ਕੰਪਨੀ 'ਚ ਭਿਆਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਭੜਕ ਉੱਠੀ ਤੇ ਪੂਰੀ ਬਿਲਡਿੰਗ ਨੂੰ ਆਪਣੀ ਲਪੇਟ 'ਚ ਲੈ ਲਿਆ। ਅੱਗ ਲੱਗਣ ਕਾਰਨ ਕਰੋੜਾਂ ਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਏਨੇ ਵੱਡੇ ਹਾਦਸੇ 'ਚ ਕੋਈ ਵੀ ਵਿਅਕਤੀ ਜਾਨੀ ਨੁਕਸਾਨ ਨਹੀਂ ਹੋਇਆ।


ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੱਗ ਬਝਾਊ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਤਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ।


ਘਟਨਾ ਭਿਵੰਡੀ ਤਾਲੁਕਾ ਦੇ ਸਰਵਲੀ ਐਮਆਈਡੀਸੀ ਖੇਤਰ ਦੀ ਹੈ। ਡਾਈ ਕੰਪਨੀ ਕਪਿਲ ਰੇਅਨ ਇੰਡੀਆ ਪ੍ਰਾਈਵੇਟ ਲਿਮਿਟਡ 'ਚ ਅੱਗ ਕਿਵੇਂ ਲੱਗੀ। ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। ਜਿਸ ਸਮੇਂ ਅੱਗ ਲੱਗੀ ਉਸ ਸਮੇਂ 30 ਤੋਂ 40 ਲੋਕ ਕੰਮ 'ਚ ਲੱਗੇ ਹੋਏ ਸਨ। ਅੱਗ ਦੀ ਸੂਚਨਾ ਮਿਲਦੇ ਹੀ ਸਾਰੇ ਕਰਮਚਾਰੀ ਸੁਰੱਖਿਅਤ ਬਾਹਰ ਨਿੱਕਲ ਗਏ।


ਕੰਪਨੀ 'ਚ ਕੱਚੇ ਕੱਪੜੇ, ਤਿਆਰ ਕੱਪੜੇ ਤੇ ਯਾਰਨ ਦਾ ਵੱਡਾ ਸਟੌਕ ਰੱਖਿਆ ਗਿਆ ਸੀ। ਸਾਰੇ ਕੱਪੜੇ ਸੜ੍ਹ ਕੇ ਸੁਆਹ ਹੋ ਗਏ। ਕੱਪੜੇ ਸੜਨ ਕਾਰਨ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਪਾਣੀ ਦੀ ਕਮੀ ਅੜਚਨ ਬਣ ਰਹੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ