Gandhi Ji Death Anniversary: ਅੱਜ ਪੂਰਾ ਦੇਸ਼ ਰਾਸ਼ਟਰਪਿਤਾ ਮਹਾਤਮਾ ਗਾਂਧੀ (Mahatma Gandhi) ਦੀ 74ਵੀਂ ਬਰਸੀ ਮਨਾ ਰਿਹਾ ਹੈ। ਅੱਜ ਦਾ ਦਿਨ ਇਤਿਹਾਸ ਵਿੱਚ ਦੇਸ਼ ਨੂੰ ਸੱਚ ਤੇ ਅਹਿੰਸਾ ਦੇ ਮਾਰਗ 'ਤੇ ਅਗਵਾਈ ਕਰਨ ਵਾਲੇ ਉੱਘੇ ਸੁਤੰਤਰਤਾ ਸੈਨਾਨੀ ਮੋਹਨਦਾਸ ਕਰਮਚੰਦ ਗਾਂਧੀ ਦੀ ਬਰਸੀ ਵਜੋਂ ਦਰਜ ਹੈ। ਸਾਲ 1948 ਵਿੱਚ ਅੱਜ ਦੇ ਦਿਨ ਯਾਨੀ 30 ਜਨਵਰੀ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹੀ ਕਾਰਨ ਹੈ ਕਿ ਦੇਸ਼ ਵਾਸੀ ਇਸ ਖਾਸ ਦਿਨ ਨੂੰ ਸ਼ਹੀਦੀ ਦਿਵਸ ਵਜੋਂ ਮਨਾਉਂਦੇ ਹਨ। ਇਸ ਮੌਕੇ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਾਜਧਾਨੀ ਦਿੱਲੀ ਪਹੁੰਚ ਕੇ ਗਾਂਧੀ ਜੀ ਦੇ ਯੋਗਦਾਨ ਨੂੰ ਯਾਦ ਕਰਦਿਆਂ ਰਾਜਘਾਟ ਵਿਖੇ ਉਨ੍ਹਾਂ ਦੀ ਸਮਾਧੀ 'ਤੇ ਸ਼ਰਧਾਂਜਲੀ ਭੇਟ ਕਰਦੇ ਹਨ। ਇਸ ਦੌਰਾਨ ਪੂਰਾ ਦੇਸ਼ ਬਾਪੂ ਨੂੰ ਯਾਦ ਕਰਦਾ ਹੈ ਤੇ ਮੌਨ ਧਾਰਨ ਕਰਦਾ ਹੈ।

ਮਹਾਤਮਾ ਗਾਂਧੀ ਦਾ ਨਾਂ ਭਾਰਤੀਆਂ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਇੱਕ ਸਥਾਈ ਨਿਸ਼ਾਨ ਵਜੋਂ ਮੌਜੂਦ ਹੈ। 13 ਜਨਵਰੀ 1948 ਨੂੰ, ਉਨ੍ਹਾਂ ਹਿੰਦੂ-ਮੁਸਲਿਮ ਏਕਤਾ ਨੂੰ ਕਾਇਮ ਰੱਖਣ ਤੇ ਫਿਰਕੂ ਜਨੂੰਨ ਦੇ ਵਿਰੁੱਧ ਕਲਕੱਤਾ ਵਿੱਚ ਮਰਨ ਵਰਤ ਸ਼ੁਰੂ ਕੀਤਾ ਸੀ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਵਰਤ ਸੀ। ਮਹਾਤਮਾ ਗਾਂਧੀ ਦੀ 18 ਜਨਵਰੀ 1948 ਨੂੰ ਵਰਤ ਖਤਮ ਕਰਨ ਤੋਂ ਠੀਕ 11 ਦਿਨ ਬਾਅਦ 30 ਜਨਵਰੀ 1948 ਨੂੰ ਹੱਤਿਆ ਕਰ ਦਿੱਤੀ ਗਈ ਸੀ।

ਆਪਣੀ ਹੱਤਿਆ ਤੋਂ ਤਿੰਨ ਦਿਨ ਪਹਿਲਾਂ, ਗਾਂਧੀ ਜੀ ਦਿੱਲੀ ਵਿੱਚ ਸ਼ਾਂਤੀ ਲਿਆਉਣ ਦੇ ਮਕਸਦ ਨਾਲ ਮਹਿਰੌਲੀ ਵਿੱਚ ਕੁਤੁਬੁੱਦੀਨ ਬਖਤਿਆਰ ਕਾਕੀ ਦਰਗਾਹ ਗਏ ਸਨ। ਉਸ ਸਮੇਂ ਦਿੱਲੀ ਫਿਰਕੂ ਹਿੰਸਾ ਵਿਚ ਸੜ ਰਹੀ ਸੀ। ਦਰਗਾਹ ਤੋਂ ਰਵਾਨਾ ਹੋਣ ਤੋਂ ਪਹਿਲਾਂ ਗਾਂਧੀ ਜੀ ਨੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈਚਾਰਕ ਸਾਂਝ ਤੇ ਏਕਤਾ ਦਾ ਸੰਦੇਸ਼ ਦਿੱਤਾ ਸੀ।

ਰਾਹੁਲ ਗਾਂਧੀ ਨੇ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ
ਬਾਪੂ ਦੀ ਬਰਸੀ 'ਤੇ ਦੇਸ਼ ਦੇ ਸਾਰੇ ਨੇਤਾ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਰਾਹੁਲ ਗਾਂਧੀ (Rahul Gandhi) ਨੇ ਵੀ ਟਵੀਟ ਰਾਹੀਂ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ, 'ਇੱਕ ਹਿੰਦੂਤਵੀ ਨੇ ਗਾਂਧੀ ਜੀ ਨੂੰ ਗੋਲੀ ਮਾਰ ਦਿੱਤੀ ਸੀ। ਸਾਰੇ ਹਿੰਦੂਤਵਵਾਦੀ ਮਹਿਸੂਸ ਕਰਦੇ ਹਨ ਕਿ ਗਾਂਧੀ ਜੀ ਨਹੀਂ ਰਹੇ। ਜਿੱਥੇ ਸੱਚ ਹੈ, ਉੱਥੇ ਬਾਪੂ ਵੀ ਜਿਉਂਦਾ ਹੈ!





ਅਮਿਤ ਸ਼ਾਹ ਨੇ ਬਾਪੂ ਨੂੰ ਯਾਦ ਕੀਤਾ
ਅਮਿਤ ਸ਼ਾਹ ਨੇ ਵੀ ਬਾਪੂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, 'ਮਹਾਤਮਾ ਗਾਂਧੀ ਜੀ ਨੇ ਹਰ ਭਾਰਤੀ ਦੇ ਦਿਲ 'ਚ ਸਵਦੇਸ਼ੀ, ਸਵਭਾਸ਼ਾ ਅਤੇ ਸਵਰਾਜ ਦੀ ਭਾਵਨਾ ਭਰ ਦਿੱਤੀ। ਉਨ੍ਹਾਂ ਦੇ ਵਿਚਾਰ ਤੇ ਆਦਰਸ਼ ਹਰ ਭਾਰਤੀ ਨੂੰ ਦੇਸ਼ ਦੀ ਸੇਵਾ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ। ਅੱਜ ਸਤਿਕਾਰਯੋਗ ਬਾਪੂ ਜੀ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ।





ਹਿਮੰਤ ਬਿਸਵਾ ਸਰਮਾ ਨੇ ਸ਼ਰਧਾਂਜਲੀ ਭੇਟ ਕੀਤੀ
ਇਸ ਦੇ ਨਾਲ ਹੀ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀ ਬਾਪੂ ਨੂੰ ਸ਼ਰਧਾਂਜਲੀ ਦਿੱਤੀ ਅਤੇ ਲਿਖਿਆ, 'ਸ਼ਾਂਤੀ ਦੇ ਦੂਤ ਮਹਾਤਮਾ ਗਾਂਧੀ ਦਾ ਵਿਸ਼ਵ-ਵਿਆਪੀ ਭਾਈਚਾਰੇ ਦਾ ਸੰਦੇਸ਼ ਅੱਜ ਵੀ ਗੂੰਜਦਾ ਹੈ। ਸੱਚਾਈ ਅਤੇ ਸਮਾਨਤਾ ਲਈ ਉਸਦੀ ਖੋਜ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ।