ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲੇ ਦੇ ਰਾਮਬੋਦ ਪਿੰਡ 'ਚ ਨਿਰਮਾਣ ਅਧੀਨ ਸੈਫਲਾਵਰ ਪਲਾਂਟ 'ਚ ਵੱਡਾ ਹਾਦਸਾ ਹੋ ਗਿਆ। ਲੋਹੇ ਦੀ ਪਾਈਪ ਬਣਾਉਣ ਵਾਲੀ ਫੈਕਟਰੀ ਦੀ ਚਿਮਨੀ ਡਿੱਗਣ ਕਾਰਨ 25 ਤੋਂ ਵੱਧ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਖ਼ਬਰ ਲਿਖੇ ਜਾਣ ਤੱਕ 8 ਮਜ਼ਦੂਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਮਲਬੇ 'ਚ ਫਸੇ ਲੋਕਾਂ ਨੂੰ ਕੱਢਣ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ।


ਇਹ ਘਟਨਾ ਸਰਗਾਂਵ ਥਾਣਾ ਖੇਤਰ ਦੇ ਰਾਮਬੋਦ ਇਲਾਕੇ 'ਚ ਵਾਪਰੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਪਲਾਂਟ ਕਥਿਤ ਤੌਰ 'ਤੇ ਲੋਹੇ ਦੀਆਂ ਪਾਈਪਾਂ ਦਾ ਨਿਰਮਾਣ ਕਰ ਰਿਹਾ ਸੀ।



ਫਿਲਹਾਲ ਬਚਾਅ ਕਾਰਜ ਜਾਰੀ ਹਨ


ਜਿਵੇਂ ਹੀ ਇਸ ਹਾਦਸੇ ਦੀ ਸੂਚਨਾ ਮਿਲੀ ਸਥਾਨਕ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ। ਅਤੇ ਬਚਾਅ ਕਾਰਜ ਜਾਰੀ ਕਰ ਦਿੱਤਾ।


ਰਿਪੋਰਟਾਂ ਅਨੁਸਾਰ, ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਬਿਲਾਸਪੁਰ, ਪੇਂਡਰਾ, ਰਾਏਗੜ੍ਹ ਅਤੇ ਜੰਜਗੀਰ-ਚੰਪਾ ਸਮੇਤ ਗੁਆਂਢੀ ਜ਼ਿਲ੍ਹਿਆਂ ਤੋਂ ਆਫ਼ਤ ਪ੍ਰਬੰਧਨ ਟੀਮਾਂ ਨੂੰ ਬੁਲਾਇਆ ਗਿਆ ਹੈ।


ਸਥਾਨਕ ਪਿੰਡ ਵਾਸੀ ਅਤੇ ਜਨ ਪ੍ਰਤੀਨਿਧੀ ਵੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਚੱਲ ਰਹੇ ਬਚਾਅ ਕਾਰਜਾਂ 'ਚ ਪ੍ਰਸ਼ਾਸ਼ਨ ਦੀ ਮਦਦ ਕਰ ਰਹੇ ਹਨ। 


ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਨੂੰ ਸੰਭਾਵਿਤ ਜਾਨੀ ਨੁਕਸਾਨ ਨਾਲ ਨਜਿੱਠਣ ਲਈ ਅਲਰਟ 'ਤੇ ਰੱਖਿਆ ਗਿਆ ਹੈ। ਆਸ-ਪਾਸ ਦੇ ਇਲਾਕਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੀ ਬਚਾਅ ਕਾਰਜਾਂ ਦਾ ਸਮਰਥਨ ਕਰਨ ਲਈ ਮੌਕੇ 'ਤੇ ਪਹੁੰਚ ਰਹੀਆਂ ਹਨ।



ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮਜ਼ਦੂਰਾਂ ਦੀ ਦੁਖਦਾਈ ਮੌਤ ਦੀ ਖ਼ਬਰ ਸੁਣ ਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ "ਮੁੰਗੇਲੀ ਜ਼ਿਲ੍ਹੇ ਵਿੱਚ ਇੱਕ ਸਟੀਲ ਪਲਾਂਟ ਦੀ ਚਿਮਨੀ ਡਿੱਗਣ ਕਾਰਨ ਮਜ਼ਦੂਰਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਪ੍ਰਮਾਤਮਾ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ। ਮੈਂ ਅਰਦਾਸ ਕਰਦਾ ਹਾਂ ਕਿ ਮਲਬੇ ਹੇਠ ਦੱਬੇ ਮਜ਼ਦੂਰਾਂ ਜੋ ਕਿ ਜ਼ਖਮੀ ਹੋ ਗਏ ਹਨ ਉਹ ਜਲਦੀ ਠੀਕ ਹੋ ਜਾਣ"।