Gujarat Passport Office: ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਨੂੰ ਸੰਬੋਧਨ ਕਰਨ ਦਾ ਆਪਣਾ-ਆਪਣਾ ਵਿਸ਼ੇਸ਼ ਤਰੀਕਾ ਹੈ। ਜਿਵੇਂ ਗੁਜਰਾਤ ਵਿੱਚ, ਇੱਜ਼ਤ ਦੇਣ ਲਈ ਸਾਹਮਣੇ ਵਾਲੇ ਦੇ ਨਾਮ ਅੱਗੇ ਭਾਈ ਜਾਂ ਬੇਨ ਜੋੜਿਆ ਜਾਂਦਾ ਹੈ ਪਰ ਇੱਜ਼ਤ ਦੇਣ ਦੇ ਇਸ ਚੱਕਰ ਨੇ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਕਾਰਨ ਹਜ਼ਾਰਾਂ ਲੋਕ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਪਾਸਪੋਰਟ ਤੇ ਵੀਜ਼ਾ ਲੈਣ ਲਈ ਲੋਕ ਇਧਰ-ਉਧਰ ਜਾ ਕੇ ਆਪਣੇ ਨਾਂ ਤੋਂ ਭਾਈ-ਬੇਨ ਨੂੰ ਹਟਾ ਰਹੇ ਹਨ। ਆਓ ਜਾਣਦੇ ਹਾਂ ਅਜਿਹਾ ਕਿਉਂ ਹੋ ਰਿਹਾ ਹੈ।
ਮਾਮਲਾ ਕੀ ਹੈ?
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅਹਿਮਦਾਬਾਦ 'ਚ ਰਹਿਣ ਵਾਲੀ ਦੀਪਾਬੇਨ ਸ਼ਾਹ ਨਾਂ ਦੀ ਔਰਤ ਨੂੰ ਆਪਣੇ ਨਾਂ ਕਾਰਨ ਵਿਦੇਸ਼ ਯਾਤਰਾ ਲਈ ਅਪਲਾਈ ਕਰਨ 'ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਪੇਸ਼ੇ ਤੋਂ ਸਿਹਤ ਮਾਹਿਰ ਹੈ। ਉਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਉਸ ਦੇ ਨਾਂ ਨਾਲ ਬੇਨ ਜੋੜਿਆ ਸੀ।
ਦਰਅਸਲ, ਗੁਜਰਾਤ ਵਿੱਚ ਮਰਦਾਂ ਦੇ ਨਾਵਾਂ ਵਿੱਚ ‘ਭਾਈ’ ਤੇ ਔਰਤਾਂ ਦੇ ਨਾਵਾਂ ਵਿੱਚ ‘ਬੇਨ’ ਜੋੜਨ ਦਾ ਰਿਵਾਜ ਹੈ। ਸਮੱਸਿਆ ਇਹ ਹੈ ਕਿ ਦੀਪਾਬੇਨ ਦੇ ਕੁਝ ਦਸਤਾਵੇਜ਼ਾਂ ਵਿੱਚ ਉਸ ਦਾ ਨਾਂ 'ਦੀਪਾਬੇਨ' ਲਿਖਿਆ ਗਿਆ ਹੈ ਜਦੋਂਕਿ ਕੁਝ ਹੋਰ ਦਸਤਾਵੇਜ਼ਾਂ ਵਿੱਚ 'ਦੀਪਾ' ਨਾਂ ਵਰਤਿਆ ਗਿਆ ਹੈ। ਪਾਸਪੋਰਟ ਤੇ ਵੀਜ਼ੇ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਨਾਂ ਦੀ ਇਸ ਅਸਮਾਨਤਾ ਕਾਰਨ ਉਸ ਨੂੰ ਵਿਦੇਸ਼ ਜਾਣ ਲਈ ਵੀਜ਼ਾ ਨਹੀਂ ਮਿਲ ਸਕਿਆ।
ਗੁਜਰਾਤ ਵਿੱਚ ‘ਭਾਈ’ ਤੇ ‘ਬੇਨ’ ਦੀ ਪਰੰਪਰਾ
ਗੁਜਰਾਤ ਵਿੱਚ ਨਾਮ ਦੇ ਅੱਗੇ ‘ਭਾਈ’ ਤੇ ‘ਬੇਨ’ ਸ਼ਬਦ ਜੋੜਨ ਦਾ ਰਿਵਾਜ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਤੇ ਉਦਯੋਗਪਤੀ ਧੀਰੂਭਾਈ ਅੰਬਾਨੀ ਤੋਂ ਲੈ ਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਤੱਕ, ਇਨ੍ਹਾਂ ਸਾਰਿਆਂ ਦੇ ਨਾਵਾਂ ਨਾਲ 'ਭਾਈ' ਤੇ 'ਬੇਨ' ਸ਼ਬਦ ਜੁੜੇ ਹੋਏ ਹਨ। ਇਸ ਦਾ ਮਕਸਦ ਸਾਹਮਣੇ ਵਾਲੇ ਨੂੰ ਸਨਮਾਨ ਦੇਣਾ ਹੁੰਦਾ ਹੈ।
ਦੂਜੇ ਪਾਸੇ ਨਾਂ ਨਾਲ ਜੁੜੀ ਇਹ ਸ਼ਿਕਾਇਤ ਗੁਜਰਾਤ ਦੇ ਪਾਸਪੋਰਟ ਦਫਤਰ 'ਚ ਵੱਡੀ ਪੱਧਰ 'ਤੇ ਸਾਹਮਣੇ ਆ ਰਹੀ ਹੈ। ਪਾਸਪੋਰਟ ਤੇ ਵੀਜ਼ਾ ਲਈ ਜਨਮ ਸਰਟੀਫਿਕੇਟ, ਸਕੂਲ ਸਰਟੀਫਿਕੇਟ, ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਲੋੜੀਂਦੇ ਹਨ। ਇਨ੍ਹਾਂ ਦਸਤਾਵੇਜ਼ਾਂ ਨਾਂ ਦੀ ਅਸਮਾਨਤਾ ਕਾਰਨ ਪ੍ਰਕਿਰਿਆ ਅੱਗੇ ਨਹੀਂ ਵਧਦੀ।
ਗੁਜਰਾਤ ਦੇ ਖੇਤਰੀ ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਤੀ ਦਿਨ ਲਗਪਗ 4,000 ਅਰਜ਼ੀਆਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ-ਚੌਥਾਈ ਜਾਂ 1,000 ਤੋਂ ਵੱਧ ਅਰਜ਼ੀਆਂ ਨਾਮ ਬਦਲਣ, ਜਨਮ ਸਥਾਨ ਦੀ ਤਬਦੀਲੀ ਜਾਂ ਜਨਮ ਮਿਤੀ ਬਦਲਣ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਲਗਪਗ 800 ਅਰਜ਼ੀਆਂ ਭਾਈ, ਬੇਨ ਤੇ ਕੁਮਾਰ ਨੂੰ ਹਟਾਉਣ ਜਾਂ ਜੋੜਨ ਨਾਲ ਸਬੰਧਤ ਹਨ।