ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜਵਾਨਾਂ ਦਾ ਜੀਵਨ ਵੋਟਾਂ ਦੀ ਰਾਜਨੀਤੀ ਤੋਂ ਕਿਤੇ ਜ਼ਿਆਦਾ ਕੀਮਤੀ ਹੈ, ਪਰ ਦੇਸ਼ ਨੂੰ ਇਹ ਜਾਣਨ ਦਾ ਵੀ ਪੂਰਾ ਅਧਿਕਾਰ ਹੈ ਕਿ ਪਾਕਿਸਤਾਨ ਦੇ ਬਾਲਾਕੋਟ ‘ਚ ਏਅਰ ਫੋਰਸ ਹਮਲੇ ‘ਚ ਆਖਰ ਹੋਇਆ ਕੀ ਸੀ।


ਵਿਦੇਸ਼ੀ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਮਮਤਾ ਨੇ ਕਿਹਾ ਕਿ ਬਾਲਾਕੋਟ ‘ਚ ਅੱਤਵਾਦੀ ਕੈਂਪਾਂ ‘ਤੇ ਭਾਰਤੀ ਸੈਨਾ ਦੇ ਹਮਲੇ ਨਾਲ ਕੋਈ ਨੁਕਸਾਨ ਨਹੀਂ ਹੋਇਆ। ਮਮਤਾ ਦਾ ਕਹਿਣਾ ਹੈ, “ਬਲਾਂ ਨੂੰ ਤੱਥਾਂ ਨਾਲ ਸਾਹਮਣੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ।”

ਮਮਤਾ ਨੇ ਸੂਬਾ ਸਕੱਤਰੇਤ ‘ਚ ਕਿਹਾ, “ਹਵਾਈ ਹਮਲੇ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ 300-350 ਮੌਤਾਂ ਹੋਈਆਂ ਪਰ ਮੈਂ ਨਿਊਯਾਰਕ ਟਾਈਮਸ ਤੇ ਵਾਸ਼ਿੰਗਟਨ ਪੋਸਟ ‘ਚ ਅਜਿਹੀਆਂ ਖ਼ਬਰਾਂ ਪੜ੍ਹੀਆਂ ਜਿਨ੍ਹਾਂ ‘ਚ ਕਿਹਾ ਗਿਆ ਕਿ ਕੋਈ ਇਨਸਾਨ ਨਹੀਂ ਮਰਿਆ। ਇੱਕ ਹੋਰ ਵਿਦੇਸ਼ੀ ਮੀਡੀਆ ਰਿਪੋਰਟ ‘ਚ ਸਿਰਫ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਗੱਲ ਲਿਖੀ ਗਈ ਸੀ।”

ਉਨ੍ਹਾਂ ਕਿਹਾ, “ਅਸੀਂ ਇਹ ਜਾਣਨ ਦੇ ਅਧਿਕਾਰੀ ਹਾਂ, ਦੇਸ਼ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਬਾਲਾਕੋਟ ‘ਚ ਕਿੰਨੇ ਲੋਕ ਮਾਰੇ ਗਏ? ਅਸਲ ‘ਚ ਕਿੱਥੇ ਬੰਬ ਸੁੱਟੇ ਗਏ ਸੀ ਤੇ ਕੀ ਬੰਬ ਨਿਸ਼ਾਨੇ ‘ਤੇ ਡਿੱਗੇ ਸੀ?”

ਇਸ ਤੋਂ ਪਹਿਲਾਂ ਸਰਕਾਰੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਹਵਾਈ ਸੈਨਾਂ ਨੇ ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਖੇਤਰ ਦੇ ਬਾਲਾਕੋਟ ‘ਚ ਜੈਸ਼-ਏ-ਮੁਹਮੰਦ ਦੇ ਵੱਡੇ ਟ੍ਰੈਨਿੰਗ ਕੈਂਪਾਂ ‘ਤੇ ਬੰਬ ਸੁੱਟ ਕੇ ਤਬਾਹ ਕੀਤੇ ਹਨ। ਇਸ ‘ਚ 350 ਅੱਤਵਾਦੀ, ਟ੍ਰੇਨਰ ਤੇ ਵੱਡੇ ਕਮਾਂਡਰ ਮਾਰੇ ਗਏ ਹਨ।