ਕੋਲਕਾਤਾ: ਪੱਛਮੀ ਬੰਗਾਲ ਵਿੱਚ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦੀਆਂ ਮੁਸ਼ਕਲਾਂ ਵਧਦੀਆਂ ਪ੍ਰਤੀਤ ਹੁੰਦੀਆਂ ਹਨ। ਸ਼ੁਭੇਂਦੂ ਅਧਿਕਾਰੀ ਤੇ ਉਨ੍ਹਾਂ ਦੇ ਭਰਾ ਸੌਮੇਂਦੂ ਅਧਿਕਾਰੀ ਖਿਲਾਫ ਕਾਂਠੀ ਨਗਰ ਪਾਲਿਕਾ ਦਫ਼ਤਰ ਤੋਂ ਰਾਹਤ ਸਮੱਗਰੀ ਚੋਰੀ ਕਰਨ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਅਨੁਸਾਰ ਕਾਂਠੀ ਨਗਰ ਪ੍ਰਬੰਧਕੀ ਬੋਰਡ ਦੇ ਮੈਂਬਰ ਰਤਨਦੀਪ ਮੰਨਾ ਦੀ ਸ਼ਿਕਾਇਤ ‘ਤੇ ਅਧਿਕਾਰੀ ਭਰਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ੁਭੇਂਦੂ ਦੇ ਕਰੀਬੀ ਰਾਖੇਲ ਬੇਰਾ ਨੂੰ ਧੋਖਾਦੇਹੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।



 

ਸ਼ੁਭੇਂਦੂ ਅਧਿਕਾਰੀ ਤੇ ਉਸ ਦੇ ਭਰਾ ਸੌਮੇਂਦੂ ਅਧਿਕਾਰ ਦੇ ਨਿਰਦੇਸ਼ਾਂ ਅਨੁਸਾਰ 29 ਮਈ 2021 ਨੂੰ ਦੁਪਹਿਰ 12:30 ਵਜੇ ਸਰਕਾਰੀ ਤ੍ਰਿਪਾਲ, ਜਿਸਦੀ ਅਨੁਮਾਨਤ ਕੀਮਤ ਲਗਪਗ ਇੱਕ ਲੱਖ ਰੁਪਏ ਹੈ, ਨੂੰ ਨਗਰ ਨਿਗਮ ਨੂੰ ਗੈਰਕਾਨੂੰਨੀ ਤਰੀਕੇ ਨਾਲ ਗੁਦਾਮ ਦਾ ਤਾਲਾ ਖੋਲ੍ਹ ਕੇ ਜ਼ਬਰਦਸਤੀ ਖੋਹਿਆ ਗਿਆ ਸੀ।

 

ਮੰਨਾ ਵੱਲੋਂ ਕੀਤੀ ਸ਼ਿਕਾਇਤ ਵਿੱਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਭਾਜਪਾ ਨੇਤਾਵਾਂ ਨੇ ਕਥਿਤ ਚੋਰੀ ਵਿੱਚ ਹਥਿਆਰਬੰਦ ਕੇਂਦਰੀ ਬਲਾਂ ਦੀ ਵਰਤੋਂ ਵੀ ਕੀਤੀ ਹੈ। ਕੋਲਕਾਤਾ ਪੁਲਿਸ ਨੇ ਰਾਜ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਕਰੀਬੀ ਰਾਖੇਲ ਬੇਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੁਭੇਂਦੂ ਦੇ ਕਰੀਬੀ ਲੋਕਾਂ ਨੂੰ ਅਜਿਹੇ ਸਮੇਂ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਪੱਛਮੀ ਬੰਗਾਲ ਦੀ ਸਰਕਾਰ ਅਤੇ ਕੇਂਦਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਈ ਮੁੱਦਿਆਂ ਨੂੰ ਲੈ ਕੇ ਝਗੜਾ ਕਰ ਰਿਹਾ ਹੈ।

 

ਬੇਰਾ ‘ਤੇ ਸਾਲ 2019 ਵਿੱਚ ਸਿੰਜਾਈ ਤੇ ਜਲ ਮਾਰਗਾਂ ਦੇ ਮੰਤਰਾਲੇ ਵਿੱਚ ਨੌਕਰੀ ਮਿਲਣ ਦੇ ਨਾਮ ‘ਤੇ ਧੋਖਾਧੜੀ ਦਾ ਦੋਸ਼ ਹੈ। ਅਜਿਹੀ ਸ਼ਿਕਾਇਤ ਮਿਲਣ ਤੋਂ ਬਾਅਦ ਕੋਲਕਾਤਾ ਪੁਲਿਸ ਨੇ ਜਾਂਚ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੇਰਾ ਦੀ ਗ੍ਰਿਫਤਾਰੀ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਜਨੀਤਕ ਗਲਿਆਰਿਆਂ ਵਿੱਚ ਇੱਕ ਨਵਾਂ ਤੂਫਾਨ ਲਿਆ ਸਕਦੀ ਹੈ।