ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ 'ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੁਲਵਾਮਾ ਦੇ ਜਵਾਨਾਂ ਦੀ ਮੌਤ 'ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ।
ਮਮਤਾ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੁਲਵਾਮਾ ਹਮਲਾ ਹੋਣ ਦੀ ਜਾਣਕਾਰੀ ਪਹਿਲਾਂ ਤੋਂ ਸੀ। ਉਨ੍ਹਾਂ ਸਵਾਲ ਚੁੱਕਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 2500 ਜਵਾਨਾਂ ਨੂੰ ਹਵਾਈ ਮਾਰਗ ਰਾਹੀਂ ਨਹੀਂ ਭੇਜਿਆ ਗਿਆ। ਇਸ ਦੀ ਬਜਾਏ ਉਨ੍ਹਾਂ ਦੇ ਰਸਤੇ ਦੀ ਲੋੜੀਂਦੀ ਜਾਂਚ ਕੀਤੇ ਬਗ਼ੈਰ ਕਾਫਲੇ ਨੂੰ ਲੰਘਣ ਦਿੱਤਾ ਗਿਆ।
ਬੈਨਰਜੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪਤਾ ਸੀ ਕਿ ਇਸ ਤਰ੍ਹਾਂ ਦਾ ਹਮਲਾ ਹੋ ਸਕਦਾ ਹੈ। ਇਸ ਬਾਰੇ ਖ਼ੁਫ਼ੀਆ ਸੂਚਨਾਵਾਂ ਵੀ ਸਨ। ਅਜਿਹੇ ਵਿੱਚ ਸਾਡੇ ਜਵਾਨਾਂ ਨੂੰ ਬਚਾਉਣ ਦੀ ਥਾਂ ਸਰਕਾਰ ਨੇ ਕਦਮ ਕਿਓਂ ਨਹੀਂ ਚੁੱਕੇ। ਸਰਕਾਰ ਨੇ ਉਨ੍ਹਾਂ ਨੂੰ ਮਰਨ ਦਿੱਤਾ ਤਾਂ ਜੋ ਉਹ ਚੋਣਾਂ ਵਿੱਚ ਜਵਾਨਾਂ ਦੀ ਸ਼ਹਾਦਤ 'ਤੇ ਸਿਆਸਤ ਕਰ ਸਕਣ।