Manipur CM Biren Singh Resigns News : ਮਨੀਪੁਰ ਵਿੱਚ ਚੱਲ ਰਹੀ ਹਿੰਸਾ ਦਰਮਿਆਨ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਅਸਤੀਫੇ ਦੀ ਚਰਚਾ ਤੇਜ਼ ਹੋ ਗਈ ਹੈ। ਸ਼ੁੱਕਰਵਾਰ (30 ਜੂਨ) ਨੂੰ ਬੀਰੇਨ ਸਿੰਘ ਦੇ ਸਮਰਥਕ ਇੰਫਾਲ 'ਚ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਗਵਰਨਰ ਹਾਊਸ ਦੇ ਬਾਹਰ ਇਕੱਠੇ ਹੋਏ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਰਿਜਾਇਨ ਲੈਟਰ ਵਾਇਰਲ ਹੋ ਰਿਹਾ ਹੈ, ਜਿਸ 'ਚ ਲਿਖਿਆ ਹੈ ਕਿ ਮੁੱਖ ਮੰਤਰੀ ਐਨ.ਬੀਰੇਨ ਸਿੰਘ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।

 

ਇਹ ਰਿਜਾਇਨ ਲੈਟਰ ਫਟਿਆ ਹੋਇਆ ਹੈ। ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਵੀ ਆਪਣੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਇਹ ਲੋਕ ਐਨ ਬੀਰੇਨ ਸਿੰਘ ਨੂੰ ਅਸਤੀਫਾ ਨਾ ਦੇਣ ਲਈ ਕਹਿ ਰਹੇ ਸਨ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਐੱਨ ਬੀਰੇਨ ਸਿੰਘ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਉਦੋਂ ਰੋਕ ਲਿਆ ਜਦੋਂ ਉਹ ਆਪਣਾ ਅਸਤੀਫਾ ਸੌਂਪਣ ਲਈ ਇੰਫਾਲ ਦੇ ਗਵਰਨਰ ਹਾਊਸ ਜਾ ਰਹੇ ਸਨ।


ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਕੀਤਾ ਟਵੀਟ 


ਇਸ ਦੌਰਾਨ ਬੀਰੇਨ ਸਿੰਘ ਨੇ ਟਵੀਟ ਕੀਤਾ ਕਿ ਇਸ ਮਹੱਤਵਪੂਰਨ ਸਮੇਂ 'ਤੇ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਵਾਂਗਾ। ਇਸ ਤੋਂ ਪਹਿਲਾਂ ਮਨੀਪੁਰ ਦੇ ਸਥਾਨਕ ਲੋਕਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸੀਐਮ ਅਸਤੀਫ਼ਾ ਦੇਵੇ, ਉਨ੍ਹਾਂ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ। ਉਹ ਸਾਡੇ ਲਈ ਬਹੁਤ ਕੰਮ ਕਰ ਰਹੇ ਹਨ। ਅਸੀਂ ਮੁੱਖ ਮੰਤਰੀ ਦਾ ਸਮਰਥਨ ਕਰ ਰਹੇ ਹਾਂ। ਅਸੀਂ 2 ਮਹੀਨਿਆਂ ਤੋਂ ਉਥਲ-ਪੁਥਲ ਦੀ ਸਥਿਤੀ ਵਿਚ ਹਾਂ।

"ਸਾਨੂੰ ਮੁੱਖ ਮੰਤਰੀ 'ਤੇ ਭਰੋਸਾ ਹੈ"

ਲੋਕਾਂ ਨੇ ਕਿਹਾ ਕਿ ਅਸੀਂ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਭਾਰਤ ਸਰਕਾਰ ਅਤੇ ਮਣੀਪੁਰ ਸਰਕਾਰ ਇਸ ਸੰਘਰਸ਼ ਨੂੰ ਲੋਕਤੰਤਰੀ ਤਰੀਕੇ ਨਾਲ ਹੱਲ ਕਰੇਗੀ। ਅਜਿਹੇ 'ਚ ਜੇਕਰ ਮਨੀਪੁਰ ਦੇ ਮੁੱਖ ਮੰਤਰੀ ਅਸਤੀਫਾ ਦੇ ਦਿੰਦੇ ਹਨ ਤਾਂ ਇੱਥੋਂ ਦੇ ਲੋਕ ਕਿਵੇਂ ਰਹਿਣਗੇ। ਸਾਡੀ ਅਗਵਾਈ ਕੌਣ ਕਰੇਗਾ?

ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਸਾਡੀ ਅਗਵਾਈ ਕਰਦੇ ਆ ਰਹੇ ਹਨ। ਅਸੀਂ ਨਹੀਂ ਚਾਹੁੰਦੇ ਕਿ ਉਹ ਅਸਤੀਫਾ ਦੇਵੇ। ਅਸੀਂ ਉਨ੍ਹਾਂ 'ਤੇ ਭਰੋਸਾ ਕਰਦੇ ਹਾਂ। ਜ਼ਿਕਰਯੋਗ ਹੈ ਕਿ ਮਣੀਪੁਰ 'ਚ 3 ਮਈ ਤੋਂ ਮੇਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਚੱਲ ਰਹੀ ਜਾਤੀ ਹਿੰਸਾ 'ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।