Delhi Politics : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੂੰ ਸੀਬੀਆਈ ਵੱਲੋਂ ਸੰਮਨ ਮਿਲਣ ਤੋਂ ਬਾਅਦ ਦਿੱਲੀ ਵਿੱਚ ਭਾਜਪਾ ਅਤੇ ‘ਆਪ’ ਵਿਚਾਲੇ ਸਿਆਸਤ ਤੇਜ਼ ਹੋ ਗਈ ਹੈ ਜਦਕਿ ‘ਆਪ’ ਨੇ ਇਸ ਨੂੰ ਦਿੱਲੀ ਦੇ ਬੱਚਿਆਂ ਲਈ ਕੀਤੀ ਜਾ ਰਹੀ ਚੰਗੀ ਸਿੱਖਿਆ ਪ੍ਰਣਾਲੀ ਨੂੰ ਰੋਕਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਭਾਜਪਾ ਨੇ ਕਿਹਾ ਹੈ ਕਿ ਜੇਕਰ ਤੁਸੀਂ ਗਲਤ ਨਹੀਂ ਕੀਤਾ ਹੈ ਤਾਂ ਤੁਸੀਂ ਡਰਦੇ ਕਿਉਂ ਹੋ। ਜੋ ਵੀ ਸਵਾਲ ਪੁੱਛਿਆ ਜਾਵੇ ,ਉਸ ਦਾ ਜਵਾਬ ਦੇ ਦਿਓ। ਇਹ ਘਟੀਆ ਰਾਜਨੀਤੀ ਨਾ ਕਰੋ।
'ਮੇਰੇ ਵਿਰੁੱਧ ਪੂਰੀ ਤਾਕਤ' ਲਗਾਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ ਸੀਬੀਆਈ ਨੇ ਕੱਲ੍ਹ ਯਾਨੀ ਐਤਵਾਰ ਨੂੰ ਇੱਕ ਵਾਰ ਫਿਰ ਬੁਲਾਇਆ ਹੈ। ਉਨ੍ਹਾਂ ਨੇ ਮੇਰੇ ਖਿਲਾਫ ਸੀਬੀਆਈ ਅਤੇ ਈਡੀ ਦੀ ਪੂਰੀ ਤਾਕਤ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਮੇਰੇ ਘਰ ਛਾਪਾ ਮਾਰਿਆ। ਬੈਂਕ ਦੇ ਲਾਕਰ ਦੀ ਤਲਾਸ਼ੀ ਲਈ, ਪਰ ਕਿਤੇ ਵੀ ਮੇਰੇ ਵਿਰੁੱਧ ਕੁਝ ਨਹੀਂ ਮਿਲਿਆ। ਇਸ ਤੋਂ ਅੱਗੇ ਉਨ੍ਹਾਂ ਲਿਖਿਆ ਹੈ ਕਿ ਮੈਂ ਦਿੱਲੀ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ ਹੈ। ਉਹ ਉਸਨੂੰ ਰੋਕਣਾ ਚਾਹੁੰਦੇ ਹਨ। ਜਾਂਚ 'ਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਮੈਂ ਹਮੇਸ਼ਾ ਜਾਂਚ 'ਚ ਸਹਿਯੋਗ ਦਿੱਤਾ ਹੈ ਅਤੇ ਕਰਦਾ ਰਹਾਂਗਾ।
ਭਾਜਪਾ ਨੇ ਪੁੱਛਿਆ ਇਨ੍ਹਾਂ ਡਰਦੇ ਕਿਉਂ ?
ਮਨੀਸ਼ ਸਿਸੋਦੀਆ ਦੇ ਸੰਮਨ 'ਤੇ ਭਾਜਪਾ ਨੇਤਾ ਹਰੀਸ਼ ਖੁਰਾਣਾ ਨੇ ਕਿਹਾ ਹੈ ਕਿ ਇਕ ਵਾਰ ਫਿਰ ਮਨੀਸ਼ ਸਿਸੋਦੀਆ ਅਤੇ ਕੇਜਰੀਵਾਲ ਹਰ ਵਾਰ ਦੀ ਤਰ੍ਹਾਂ ਵਿਕਟਿਮ ਕਾਰਡ ਖੇਡ ਰਹੇ ਹਨ। ਸਮਝ ਨਹੀਂ ਆਉਂਦੀ, ਜਦੋਂ ਵੀ ਕੋਈ ਸੰਮਨ ਆਉਂਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਇੰਨਾ ਰੌਲਾ ਕਿਉਂ ਪਾਉਂਦੇ ਹਨ। ਤੁਸੀਂ ਇਹ ਘਟੀਆ ਰਾਜਨੀਤੀ ਕਿਉਂ ਕਰਦੇ ਹੋ, ਜੇ ਤੁਸੀਂ ਕੁਝ ਨਹੀਂ ਕੀਤਾ ਤਾਂ ਤੁਸੀਂ ਚਿੰਤਾ ਕਿਉਂ ਕਰਦੇ ਹੋ? ਹਾਂ, ਜੇਕਰ ਤੁਸੀਂ ਕੁਝ ਕੀਤਾ ਹੈ ਤਾਂ ਇਹ ਮੋਦੀ ਦੀ ਸਰਕਾਰ ਹੈ, ਤੁਹਾਨੂੰ ਨਹੀਂ ਬਖਸ਼ੇਗੀ। ਇਸ ਲਈ ਕੱਲ੍ਹ ਜਾਓ, ਜੋ ਵੀ ਸਵਾਲ ਪੁੱਛਿਆ ਗਿਆ ਹੈ, ਉਸ ਦਾ ਜਵਾਬ ਦਿਓ। ਇਹ ਘਟੀਆ ਰਾਜਨੀਤੀ ਨਾ ਕਰੋ।