ਨਵੀਂ ਦਿੱਲੀ : ਅੱਜ ਸਵੇਰ ਤੋਂ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਵੱਲੋਂ  ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਦਿੱਲੀ ਦੇ ਉਪ ਰਾਜਪਾਲ ਵੱਲੋਂ ਸੀਬੀਆਈ ਜਾਂਚ ਦੀ ਸਿਫਾਰਿਸ਼ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਸੀਬੀਆਈ ਦੀ ਟੀਮ ਨੇ ਮਨੀਸ਼ ਸਿਸੋਦੀਆ ਦੇ ਘਰੋਂ ਫੋਨ ਅਤੇ ਲੈਪਟਾਪ ਸਮੇਤ ਇਲੈਕਟ੍ਰਾਨਿਕ ਯੰਤਰ ਆਪਣੇ ਕਬਜ਼ੇ ਵਿੱਚ ਲੈ ਲਏ ਹਨ।



 

ਓਧਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਦੇ ਬਾਹਰ 'ਆਪ' ਵਿਧਾਇਕ ਅਤੇ ਵਰਕਰ ਇਕੱਠੇ ਹੋਏ ਹਨ। ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਦੇ ਘਰ ਦੇ ਆਲੇ-ਦੁਆਲੇ ਧਾਰਾ 144 ਲਗਾ ਦਿੱਤੀ ਹੈ ਅਤੇ  'ਆਪ' ਵਰਕਰਾਂ ਨੂੰ ਹਿਰਾਸਤ 'ਚ ਲਿਆ ਜਾ ਰਿਹਾ ਹੈ। 



 

ਸਿਸੋਦੀਆ ਦੇ ਘਰ ਦੇ ਬਾਹਰ ਪੁਲਿਸ ਨੇ ਲਗਾ ਦਿੱਤੇ ਬੈਰੀਕੇਡ 


ਪੁਲਿਸ ਨੇ ਮਨੀਸ਼ ਸਿਸੋਦੀਆ ਦੇ ਘਰ ਦੇ ਬਾਹਰ ਬੈਰੀਕੇਡਿੰਗ ਲਗਾ ਦਿੱਤੀ ਹੈ। ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਜਾਂ ਹੰਗਾਮਾ ਨਾ ਹੋਵੇ , ਇਸ ਤੋਂ ਬਚਣ ਲਈ ਸਾਵਧਾਨੀ ਦੇ ਤੌਰ 'ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। 'ਆਪ' ਦੇ ਕੁਝ ਵਿਧਾਇਕ ਅਤੇ ਵਰਕਰ ਮਨੀਸ਼ ਦੇ ਘਰ ਦੇ ਨੇੜੇ ਪਹੁੰਚ ਗਏ। ਪੁਲਿਸ ਸਾਰਿਆਂ ਨੂੰ ਉੱਥੋਂ ਜਾਣ ਲਈ ਕਹਿ ਰਹੀ ਹੈ।

 

 
ਸੀਬੀਆਈ ਨੇ ਕਿਹਾ- ਦੇਸ਼ ਦੇ ਸੱਤ ਰਾਜਾਂ ਵਿੱਚ ਚੱਲ ਰਹੀ ਹੈ ਛਾਪੇਮਾਰੀ  


ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਦੱਸਿਆ ਕਿ ਦਿੱਲੀ ਸਮੇਤ ਦੇਸ਼ ਦੇ ਸੱਤ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕੌਮੀ ਰਾਜਧਾਨੀ ਦਿੱਲੀ ਵਿੱਚ 21 ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਸੀਬੀਆਈ ਨੇ ਅੱਗੇ ਕਿਹਾ ਕਿ ਐਫਆਈਆਰ ਵਿੱਚ ਮਨੀਸ਼ ਸੋਸੀਦੀਆ ਸਮੇਤ ਚਾਰ ਨੌਕਰਸ਼ਾਹਾਂ ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਉਪ ਰਾਜਪਾਲ ਨੇ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਵਿਰੁੱਧ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਸੀ।

 

ਸਿਸੋਦੀਆ ਦੁਨੀਆ ਦੇ ਸਭ ਤੋਂ ਵੱਡੇ ਸਿੱਖਿਆ ਮੰਤਰੀ- ਕੇਜਰੀਵਾਲ


ਸੀਐਮ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਨਿਊਯਾਰਕ ਅਖਬਾਰ ਨੂੰ ਦਿਖਾਇਆ ,ਜਿਸ ਵਿੱਚ ਦਿੱਲੀ ਦੇ ਸਿੱਖਿਆ ਮਾਡਲ ਦੀ ਤਾਰੀਫ ਕੀਤੀ ਗਈ ਹੈ। ਇਹ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਅਖਬਾਰ ਵਿੱਚ ਸਿਸੋਦੀਆ ਦੀ ਤਸਵੀਰ ਛਪੀ ਹੈ। ਸਿਸੋਦੀਆ ਦੁਨੀਆ ਦੇ ਸਭ ਤੋਂ ਵੱਡੇ ਸਿੱਖਿਆ ਮੰਤਰੀ ਹਨ। ਦੁਨੀਆਂ ਵਿੱਚ ਦਿੱਲੀ ਦੀ ਤਾਰੀਫ਼ ਹੋਈ ਹੈ। ਸਿੱਖਿਆ ਮਾਡਲ ਦੀ ਸ਼ਲਾਘਾ ਹੋਈ ਹੈ।