Himachal Khalistan Flags: ਧਰਮਸ਼ਾਲਾ ਵਿੱਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਭਵਨ ਦੇ ਬਾਹਰ ਖਾਲਿਸਤਾਨ ਪੱਖੀ ਝੰਡੇ ਲਗਾਏ ਜਾਣ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ 'ਤੇ ਸ਼ਬਦੀ ਵਾਰ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਪੂਰੀ ਭਾਜਪਾ ਇੱਕ ਗੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੈ ਤੇ ਖਾਲਿਸਤਾਨੀ ਉੱਥੇ ਝੰਡੇ ਲਾ ਕੇ ਚਲੇ ਗਏ। ਉਨ੍ਹਾਂ ਕਿਹਾ, ਜਿਹੜੀ ਸਰਕਾਰ ਵਿਧਾਨ ਸਭਾ ਨੂੰ ਨਹੀਂ ਬਚਾ ਸਕਦੀ, ਉਹ ਜਨਤਾ ਨੂੰ ਕਿਵੇਂ ਬਚਾਏਗੀ। ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੀ ਆਬਰੂ ਦਾ ਹੈ। ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਭਾਜਪਾ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤਪੋਵਨ 'ਚ ਸਥਿਤ ਵਿਧਾਨ ਸਭਾ ਸਿੱਧਬਾੜੀ ਦੇ ਮੁੱਖ ਗੇਟ 'ਤੇ ਐਤਵਾਰ ਨੂੰ ਸਵੇਰੇ ਖਾਲਿਸਤਾਨ ਦੇ ਝੰਡੇ ਲੱਗੇ ਦਿਖਾਈ ਦਿੱਤੇ। ਇਹ ਝੰਡੇ ਵਿਧਾਨ ਸਭਾ ਦੀ ਕੰਧ ਤੇ ਮੁੱਖ ਗੇਟ ਨਾਲ ਬੰਨ੍ਹੇ ਹੋਏ ਸਨ। ਧਰਮਸ਼ਾਲਾ ਅਸੈਂਬਲੀ 'ਤੇ ਝੰਡੇ ਤੇ ਕੰਧਾਂ 'ਤੇ ਖਾਲਿਸਤਾਨ ਲਿਖਣ ਤੋਂ ਬਾਅਦ ਦੀਵਾਰਾਂ 'ਤੇ ਪੇਂਟ ਕਰਨ ਦਾ ਕੰਮ ਚੱਲ ਰਿਹਾ ਹੈ।
ਇਸ ਮਾਮਲੇ 'ਤੇ ਧਰਮਸ਼ਾਲਾ ਦੀ ਐਸਡੀਐਮ ਸ਼ਿਲਪੀ ਬੇਕਤਾ ਨੇ ਕਿਹਾ ਕਿ ਸਾਨੂੰ ਹਿਮਾਚਲ ਵਿਧਾਨ ਸਭਾ ਦੀਆਂ ਕੰਧਾਂ ਨੂੰ ਨੁਕਸਾਨ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਅਧਿਕਾਰੀ ਇੱਥੇ ਪਹਿਲਾਂ ਹੀ ਮੌਜੂਦ ਸਨ। ਅਸੀਂ ਹਿਮਾਚਲ ਪਬਲਿਕ ਪ੍ਰਾਪਰਟੀ ਡਿਫਾਰਮੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰਾਂਗੇ ਤੇ ਜਾਂਚ ਪੂਰੀ ਹੋਣ ਤੱਕ ਅਸੀਂ ਕੁਝ ਨਹੀਂ ਕਹਿ ਸਕਦੇ।
ਦੂਜੇ ਪਾਸੇ ਕਾਂਗੜਾ ਦੇ ਐਸਪੀ ਖੁਸ਼ਹਾਲ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਜਾਂ ਤੜਕੇ ਦੀ ਹੋ ਸਕਦੀ ਹੈ। ਅਸੈਂਬਲੀ ਦੇ ਗੇਟ ਤੋਂ ਖਾਲਿਸਤਾਨ ਦੇ ਝੰਡੇ ਉਤਾਰ ਦਿੱਤੇ ਹਨ। ਇਹ ਪੰਜਾਬ ਦੇ ਕੁਝ ਸੈਲਾਨੀਆਂ ਦੀ ਕਾਰਵਾਈ ਹੋ ਸਕਦੀ ਹੈ। ਅਸੀਂ ਅੱਜ ਕੇਸ ਦਰਜ ਕਰਨ ਜਾ ਰਹੇ ਹਾਂ।
ਇਸ ਮਾਮਲੇ 'ਤੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਮੈਂ ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ਦੇ ਗੇਟ 'ਤੇ ਰਾਤ ਦੇ ਹਨੇਰੇ 'ਚ ਖਾਲਿਸਤਾਨ ਦੇ ਝੰਡੇ ਲਹਿਰਾਉਣ ਦੀ ਕਾਇਰਤਾਪੂਰਨ ਘਟਨਾ ਦੀ ਨਿੰਦਾ ਕਰਦਾ ਹਾਂ। ਇਸ ਵਿਧਾਨ ਸਭਾ ਵਿੱਚ ਸਿਰਫ਼ ਸਰਦ ਰੁੱਤ ਸੈਸ਼ਨ ਹੀ ਹੁੰਦਾ ਹੈ, ਇਸ ਲਈ ਉਸ ਦੌਰਾਨ ਇੱਥੇ ਹੋਰ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੁੰਦੀ ਹੈ।
ਇਸੇ ਦਾ ਫਾਇਦਾ ਉਠਾ ਕੇ ਇਸ ਕਾਇਰਤਾਪੂਰਨ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਘਟਨਾ ਦੀ ਜਲਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਿਸ ਨੇ ਵੀ ਅਜਿਹਾ ਕੀਤਾ ਹੈ, ਮੈਂ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਰਾਤ ਦੇ ਹਨੇਰੇ ਵਿੱਚ ਨਹੀਂ, ਦਿਨ ਦੇ ਚਾਨਣ ਵਿੱਚ ਆਓ।