ਚੰਡੀਗੜ੍ਹ: ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਹੋਏ ਆਪਣੀ ਪੁਰਾਣੀ ਪਾਰਟੀ ਅਕਾਲੀ ਦਲ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਅੱਜ ਅਕਾਲੀ ਦਲ ਕਹਿ ਰਿਹਾ ਹੈ ਕਿ ਪੰਥ ਖ਼ਤਰੇ ਵਿੱਚ ਹੈ। ਅਸਲ ਵਿੱਚ ਅੱਜ ਖ਼ਤਰਾ ਪੰਥ ਨੂੰ ਨਹੀਂ ਸਗੋਂ ਅਕਾਲੀ ਦਲ ਦੀ ਕੁਰਸੀ ਨੂੰ ਹੈ।



ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ। ਇਨ੍ਹਾਂ ਚੋਣਾਂ ਨੇ ਦੇਸ਼ ਦੀ ਹਾਲਤ ਬਦਲਣੀ ਹੈ। ਅੱਜ ਪੰਜਾਬ ਦੀ ਕੀ ਹਾਲਤ ਹੈ, ਇਹ ਸਭ ਦੇ ਸਾਹਮਣੇ ਹੈ। ਅੱਜ ਪੰਜਾਬ ਨੂੰ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇਸ਼ ਦੇ ਸਿੱਖ ਪ੍ਰਧਾਨ ਮੰਤਰੀ ਰਹੇ ਪਰ ਉਨ੍ਹਾਂ ਕਰਤਾਰਪੁਰ ਲਾਂਘਾ ਨਹੀਂ ਖੋਲ੍ਹਿਆ। ਡਾ. ਮਨਮੋਹਨ ਸਿੰਘ ਗਾਂਧੀ ਪਰਿਵਾਰ ਤੋਂ ਡਰਦੇ ਸਨ। ਹੁਣ ਇਹ ਕੰਮ ਪੀਐਮ ਨਰਿੰਦਰ ਮੋਦੀ ਨੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੌਰਾਨ ਹੀ 1984 ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ। ਅਫਗਾਨਿਸਤਾਨ ਤੋਂ ਸਿੱਖਾਂ ਨੂੰ ਭਾਰਤ ਲਿਆਂਦਾ ਗਿਆ। ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦਾ ਐਲਾਨ ਕੀਤਾ ਗਿਆ। ਦੇਸ਼ ਦੇ ਹਰ ਗਵਰਨਰ ਹਾਊਸ ਵਿੱਚ ਤੇ ਹਰ ਦੇਸ਼ ਦੇ ਦੂਤਾਵਾਸ ਵਿੱਚ ਸ਼੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਲਈ ਬਾਹਰੋਂ ਪੈਸਾ ਨਹੀਂ ਆ ਸਕਦਾ ਸੀ। ਇਹ ਕਾਂਗਰਸ ਨੇ ਬੰਦ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਮੁੜ ਐਫਸੀਆਰ ਨੂੰ ਸ਼ੁਰੂ ਕੀਤਾ।

ਸਿਰਸਾ ਨੇ ਕਿਹਾ ਕਿ ਜਦੋਂ ਗੁਜਰਾਤ ਵਿੱਚ ਭੁਚਾਲ ਆਇਆ ਤਾਂ ਗੁਰੂ ਸਾਹਿਬ ਦੇ ਅਸਥਾਨ ਨੂੰ ਨੁਕਸਾਨ ਪਹੁੰਚਿਆ। ਇਸ ਲਈ ਮੋਦੀ ਨੇ ਇਸ ਨੂੰ ਦੁਬਾਰਾ ਬਣਾਇਆ। ਇਹ ਕੰਮ ਦੇਖ ਕੇ ਅੱਜ ਪੰਜਾਬ ਨੂੰ ਬੀਜੇਪੀ ਸਰਕਾਰ ਦੀ ਲੋੜ ਹੈ। ਸਿਰਸਾ ਨੇ ਕਿਹਾ ਕਿ 2014 ਤੋਂ 2017 ਤੱਕ ਸਰਕਾਰ ਦਾ ਡਬਲ ਇੰਜਣ ਸੀ ਪਰ ਜੋ ਪਾਇਲਟ ਸੀ, ਉਹ ਠੀਕ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਫਾਰਮ ਹਾਊਸ 'ਤੇ ਹੀ ਮਿਲਣਗੇ। ਇਸ ਲਈ ਭਾਜਪਾ ਦਾ ਪਾਇਲਟ ਕੋਈ ਹੋਰ ਹੋਵੇਗਾ।


ਇਹ ਵੀ ਪੜ੍ਹੋ: ਮਜੀਠੀਆ ਨੇ ਕਿਹਾ, ਸਿੱਧੂ ਦੀ ਵਿਗੜ ਸਕਦੀ ਹਾਲਤ, ਏਅਰ ਐਂਬੂਲੈਂਸ ਰਹੇ ਤਿਆਰ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: