Mann ki baat: ਕਾਂਗਰਸ ਨੇ ਮਨੀਪੁਰ ਦੇ ਮੌਜੂਦਾ ਹਾਲਾਤ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ’ਤੇ ਤਨਜ਼ ਕਸਦਿਆਂ ਅੱਜ ਕਿਹਾ ਕਿ ਇੱਕ ਹੋਰ ‘ਮਨ ਕੀ ਬਾਤ’, ਪਰ ਮਨੀਪੁਰ ’ਤੇ ਅਜੇ ਵੀ ‘ਮੌਨ’। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਟਵੀਟ ਵਿੱਚ ਕਿਹਾ, ‘‘ਇਕ ਹੋਰ ਮਨ ਕੀ ਬਾਤ, ਪਰ ਮਨੀਪੁਰ ’ਤੇ ‘ਮੌਨ’। ਆਫ਼ਤ ਪ੍ਰਬੰਧਨ ਨੂੰ ਲੈ ਕੇ ਭਾਰਤ ਦੀ ਵੱਡੀ ਸਮਰੱਥਾ ਨੂੰ ਲੈ ਕੇ ਪ੍ਰਧਾਨ ਮੰਤਰੀ ਆਪਣੀ ਹੀ ਪਿੱਠ ਥਾਪੜਦੇ ਹਨ, ਪਰ ਮਨੁੱਖ ਵੱਲੋਂ ਖ਼ੁਦ ਸਹੇੜੀ ਮਾਨਵੀ ਆਫ਼ਤ ਦਾ ਕੀ, ਜਿਸ ਦਾ ਮਨੀਪੁਰ ਨੂੰ ਸਾਹਮਣਾ ਕਰਨਾ ਪੈ ਰਿਹੈ। ਉਨ੍ਹਾਂ ਅਜੇ ਤੱਕ ਸ਼ਾਂਤੀ ਬਣਾਈ ਰੱਖਣ ਨੂੰ ਲੈ ਕੇ ਕੋਈ ਅਪੀਲ ਨਹੀਂ ਕੀਤੀ। ਪੀਐਮ-ਕੇਅਰਜ਼ ਫੰਡ ਦਾ ਅਜੇ ਤੱਕ ਆਡਿਟ ਨਹੀਂ ਹੋਇਆ, ਪਰ ਅਸਲ ਸਵਾਲ ਹੈ ਕਿ ਕੀ ਪ੍ਰਧਾਨ ਮੰਤਰੀ ਨੂੰ ਮਨੀਪੁਰ ਦੀ ਕੇਅਰ (ਫਿਕਰ) ਹੈ।’’


ਦੱਸ ਦਈਏ ਕਿ ਮਨੀਪੁਰ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਭਾਰਤੀ ਫੌਜ ਵੱਲੋਂ ਇੰਫਾਲ ਵਾਦੀ ਦੇ ਹਿੰਸਾਗ੍ਰਸਤ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਦੌਰਾਨ ਅਥਾਰਿਟੀਜ਼ ਨੇ ਪੂਰਬੀ ਇੰਫਾਲ ਜ਼ਿਲ੍ਹੇ ਵਿੱਚ ਅੱਜ ਕਰਫਿਊ ਵਿੱਚ ਸਵੇਰੇ 5 ਤੋਂ ਸ਼ਾਮ 5 ਵਜੇ ਤੱਕ ਢਿੱਲ ਦੇਣ ਦਾ ਫੈਸਲਾ ਕੀਤਾ ਹੈ ਤਾਂ ਲੋਕ ਦਵਾਈਆਂ ਤੇ ਖੁਰਾਕੀ ਵਸਤਾਂ ਸਣੇ ਹੋਰ ਜ਼ਰੂਰੀ ਸਾਮਾਨ ਖਰੀਦ ਸਕਣ। ਕਰਫਿਊ ’ਚ ਰਾਹਤ ਸਬੰਧੀ ਹੁਕਮ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਹਨ। ਪਿਛਲੇ ਮਹੀਨੇ 3 ਮਈ ਨੂੰ ਕੁਕੀ ਤੇ ਮੈਤੇਈ ਭਾਈਚਾਰਿਆਂ ਦਰਮਿਆਨ ਭੜਕੀ ਹਿੰਸਾ ਮਗਰੋਂ ਮਨੀਪੁਰ ਵਿਚ ਕਰਫਿਊ ਆਇਦ ਹੈ। 


ਉਧਰ, ਮਨੀਪੁਰ ਵਿੱਚ ਬੇਰੋਕ ਹਿੰਸਾ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਉਤੇ ਵਿਰੋਧੀ ਧਿਰਾਂ ਨੇ ਸਵਾਲ ਉਠਾਏ ਹਨ। ਕਾਂਗਰਸ ਨੇ 10 ਵਿਰੋਧੀ ਧਿਰਾਂ ਨਾਲ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਮੁੱਦੇ ਉਤੇ ਡੂੰਘਾਈ ਨਾਲ ਚਰਚਾ ਲਈ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਮਿਲਣ ਦੀ ਉਡੀਕ ਕਰ ਰਹੇ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ, ਜੇਡੀ(ਯੂ), ਸੀਪੀਆਈ, ਸੀਪੀਐਮ, ਟੀਐਮਸੀ, ‘ਆਪ’, ਆਲ ਇੰਡੀਆ ਫਾਰਵਰਡ ਬਲਾਕ, ਸ਼ਿਵ ਸੈਨਾ (ਯੂਬੀਟੀ), ਐੱਨਸੀਪੀ ਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਨੇ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। 


ਉਨ੍ਹਾਂ ਕਿਹਾ ਕਿ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਰਮੇਸ਼ ਨੇ ਕਿਹਾ, ‘ਸਾਨੂੰ ਆਸ ਹੈ ਕਿ 20 ਜੂਨ ਨੂੰ ਅਮਰੀਕਾ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਵਿਰੋਧੀ ਧਿਰਾਂ ਨੂੰ ਮਿਲਣਗੇ।’ ਉਨ੍ਹਾਂ ਕਿਹਾ ਕਿ ਇਹ ਸਾਰੇ ਆਗੂ ਕੌਮੀ ਰਾਜਧਾਨੀ ਵਿਚ ਮੁਲਾਕਾਤ ਦੀ ਉਡੀਕ ਕਰ ਰਹੇ ਹਨ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ 20 ਜੂਨ ਤੱਕ ਇੱਥੇ ਹੀ ਰਹਿਣਗੇ। ਕੇਂਦਰ ਸਰਕਾਰ ’ਤੇ ਵਿਅੰਗ ਕਸਦਿਆਂ ਰਮੇਸ਼ ਨੇ ਚੇਤੇ ਕਰਾਇਆ ਕਿ, ‘ਮਨੀਪੁਰ 18 ਜੂਨ, 2001 ਨੂੰ 22 ਸਾਲ ਪਹਿਲਾਂ ਵੀ ਸੜ ਰਿਹਾ ਸੀ। ਸਪੀਕਰ ਦਾ ਬੰਗਲਾ, ਮੁੱਖ ਮੰਤਰੀ ਸਕੱਤਰੇਤ ਸਾੜ ਦਿੱਤਾ ਗਿਆ ਸੀ।