ਕਾਨਪੁਰ: 1984 ਵਿੱਚ ਸਿੱਖ ਕਤਲੇਆਮ ਨਾਲ ਸਬੰਧਤ ਅਹਿਮ ਫਾਈਲਾਂ ਕਾਨਪੁਰ ਵਿੱਚ ਸਰਕਾਰੀ ਰਿਕਾਰਡਾਂ ਤੋਂ ਗਾਇਬ ਹੋ ਗਈਆਂ ਹਨ। ਉੱਤਰ ਪ੍ਰਦੇਸ਼ ਦੇ ਇਸ ਉਦਯੋਗਿਕ ਸ਼ਹਿਰ ਵਿੱਚ 125 ਤੋਂ ਵੱਧ ਸਿੱਖਾਂ ਦਾ ਕਤਲੇਆਮ ਹੋਇਆ ਸੀ। 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦੇ ਕਤਲੇਆਮ ਮਗਰੋਂ ਕਾਨਪੁਰ ਵਿੱਚ ਸਭ ਤੋਂ ਵੱਧ ਲੋਕ ਮਾਰੇ ਗਏ ਸੀ।
ਸੂਬਾ ਸਰਕਾਰ ਵੱਲੋਂ ਫਰਵਰੀ, 2019 ਵਿੱਚ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ 1984 ਦੇ ਦੰਗਿਆਂ ਦੀਆਂ ਫਾਈਲਾਂ ਦੀ ਮੁੜ ਪੜਤਾਲ ਕਰਨ ਲਈ ਪਤਾ ਲਾਇਆ ਕਿ ਉਸ ਸਮੇਂ ਪੁਲਿਸ ਮੁਲਾਜ਼ਮਾਂ ਦੁਆਰਾ ਕਥਿਤ ਤੌਰ ਤੇ ਦਬਾਏ ਗਏ ਕਤਲ ਤੇ ਲੁੱਟਾਂ ਨਾਲ ਸਬੰਧਤ ਕਈ ਫਾਈਲਾਂ ਹੁਣ ਗਾਇਬ ਹਨ।
ਕੁਝ ਮਾਮਲਿਆਂ ਵਿੱਚ, ਐਸਆਈਟੀ ਨੂੰ ਐਫਆਈਆਰ ਤੇ ਕੇਸ ਡਾਇਰੀਆਂ ਵੀ ਨਹੀਂ ਮਿਲੀਆਂ, ਜੋ ਇੱਥੋਂ ਦੇ ਸਿੱਖ ਕਤਲੇਆਮ ਦੀ ਜਾਂਚ ਉੱਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਮਹੱਤਵਪੂਰਨ ਦਸਤਾਵੇਜ਼ਾਂ ਤੇ ਕੇਸਾਂ ਸਬੰਧੀ ਫਾਈਲਾਂ ਦੇ ਰਹੱਸਮਈ ਤਰੀਕੇ ਨਾਲ ਗਾਇਬ ਹੋਣ ਦੇ ਮੁੱਦੇ 'ਤੇ ਐਸਆਈਟੀ ਦੇ ਚੇਅਰਮੈਨ, ਸਾਬਕਾ ਡੀਜੀਪੀ ਅਤੁਲ ਨੇ ਦੱਸਿਆ ਕਿ ਗਾਇਬ ਫਾਈਲਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।