Massive Fire Breaks Out at Tata Electronics Manufacturing Unit: ਸ਼ਨੀਵਾਰ (28 ਸਤੰਬਰ 2024) ਨੂੰ ਤਾਮਿਲਨਾਡੂ ਦੇ ਹੋਸੁਰ ਵਿੱਚ ਟਾਟਾ ਇਲੈਕਟ੍ਰੋਨਿਕਸ ਦੇ ਨਿਰਮਾਣ ਯੂਨਿਟ (Tata Electronics Manufacturing Unit) ਵਿੱਚ ਇੱਕ ਵਿਸ਼ਾਲ ਅੱਗ ਲੱਗ ਗਈ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਅੱਗ ਸੈਲਫੋਨ ਨਿਰਮਾਣ ਸੈਕਸ਼ਨ ਵਿੱਚ ਲੱਗੀ, ਜਿਸ ਤੋਂ ਬਾਅਦ ਕਰਮਚਾਰੀਆਂ ਨੂੰ ਇਮਾਰਤ ਖਾਲੀ ਕਰਨੀ ਪਈ। ਦੱਸਿਆ ਗਿਆ ਹੈ ਕਿ ਨਿਰਮਾਣ ਇਕਾਈ ਦੇ ਕਰਮਚਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ।






ਨਿਊਜ਼ ਏਜੰਸੀ ਆਈਏਐਨਐਸ ਨੇ ਦੱਸਿਆ ਕਿ ਅੱਗ ਨਾਲ ਬਹੁਤ ਸਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਫਿਲਹਾਲ ਅੱਗ ਬੁਝਾਊ ਦਸਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਨਾਗਮੰਗਲਮ ਨੇੜੇ ਉਦਾਨਾਪੱਲੀ ਸਥਿਤ ਕੰਪਨੀ ਦੀ ਮੋਬਾਈਲ ਫੋਨ ਐਕਸੈਸਰੀਜ਼ ਪੇਂਟਿੰਗ ਯੂਨਿਟ 'ਚ ਸਵੇਰੇ ਕਰੀਬ 5:30 ਵਜੇ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਪੂਰੇ ਇਲਾਕੇ ਵਿੱਚ ਫੈਲ ਗਈ। ਹਰ ਪਾਸੇ ਧੂੰਆਂ ਦਿਖਾਈ ਦੇਣ ਲੱਗਾ। ਇਸ ਨਾਲ ਮੁਲਾਜ਼ਮਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਫੈਲ ਗਈ।


ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੀ ਟੀਮ ਨੇ ਸਾਰੇ ਮੁਲਾਜ਼ਮਾਂ ਨੂੰ ਅੰਦਰੋਂ ਬਾਹਰ ਕੱਢ ਲਿਆ। ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਪਹਿਲੀ ਸ਼ਿਫਟ 'ਚ ਕਰੀਬ 1500 ਕਰਮਚਾਰੀ ਡਿਊਟੀ 'ਤੇ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। 


ਟਾਟਾ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਟਿਡ (TEPL) ਦੇ ਬੁਲਾਰੇ ਨੇ ਵੀ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਮਰਜੈਂਸੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


ਇਸ ਦੇ ਨਾਲ ਹੀ ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ, ਉਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਸੀ। ਅਜਿਹੇ 'ਚ ਤਿੰਨਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਨੂੰ ਸੰਭਾਲਣ ਲਈ 100 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਇਹ ਯਕੀਨੀ ਬਣਾਇਆ ਗਿਆ ਸੀ ਕਿ ਸਾਰੇ ਕਰਮਚਾਰੀ ਸੁਰੱਖਿਅਤ ਢੰਗ ਨਾਲ ਇਮਾਰਤ ਨੂੰ ਖਾਲੀ ਕਰ ਲੈਣ।