ਨਵੀਂ ਦਿੱਲੀ: ਦਿੱਲੀ ਦੇ ਸ਼ਾਹੀਨ ਬਾਗ 'ਚ ਕਬਜ਼ੇ ਹਟਾਉਣ ਲਈ MCD ਦਾ ਬੁਲਡੋਜ਼ਰ ਪਹੁੰਚ ਗਿਆ ਹੈ। ਦੂਜੇ ਪਾਸੇ ਬੁਲਡੋਜ਼ਰ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਵੱਲੋਂ ਸੜਕਾਂ 'ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਮੌਕੇ 'ਤੇ ਪਹੁੰਚ ਗਏ।



'ਆਪ' ਵਿਧਾਇਕ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਕਬਜ਼ਾ ਨਹੀਂ। ਉਨ੍ਹਾਂ ਪੁੱਛਿਆ ਕਿ MCD ਦੱਸੇ ਕਿੱਥੇ ਹੈ ਕਬਜ਼ਾ ਹੈ? ਇਲਾਕੇ 'ਚੋਂ ਕਬਜ਼ੇ ਹਟਾਏ ਗਏ ਹਨ। ਅਸੀਂ ਖੁਦ ਕਬਜ਼ੇ ਹਟਾਏ ਸੀ, MCD ਨੂੰ ਵਾਪਸ ਜਾਣਾ ਚਾਹੀਦਾ ਹੈ। ਭਾਜਪਾ ਸਿਰਫ ਹਿੰਦੂ-ਮੁਸਲਿਮ ਕਰਨਾ ਚਾਹੁੰਦੀ ਹੈ।

'ਆਪ' ਵਿਧਾਇਕ ਨੇ ਕਿਹਾ ਕਿ ਮਸਜਿਦ ਦੇ ਸਾਹਮਣੇ ਟਾਇਲਟ ਸੀ, ਜਿਸ ਨੂੰ ਮੈਂ ਆਪਣੇ ਪੈਸੇ ਨਾਲ ਹਟਾਇਆ। ਪੂਰੀ ਵਿਧਾਨ ਸਭਾ ਵਿੱਚ ਜਿੱਥੇ ਕਿਤੇ ਵੀ ਕਬਜ਼ੇ ਹਨ, ਐਮਸੀਡੀ ਵਾਲੇ ਮੈਨੂੰ ਕਹਿਣ, ਮੈਂ ਖੁਦ ਹਟਾਵਾਂਗਾ। ਉਹ ਇੱਥੇ ਆ ਕੇ ਮਾਹੌਲ ਖਰਾਬ ਕਰ ਰਹੇ ਹਨ, ਸਿਆਸੀਕਰਨ ਕੀਤਾ ਜਾ ਰਿਹਾ ਹੈ।

‘ਆਪ’ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ ਕਈ ਆਗੂ ਵੀ ਉੱਥੇ ਪਹੁੰਚ ਚੁੱਕੇ ਹਨ। ਸ਼ਾਹੀਨਬਾਗ ਖੇਤਰ ਵਿੱਚ ਐਮਸੀਡੀ ਵੱਲੋਂ ਕਬਜ਼ੇ ਖ਼ਿਲਾਫ਼ ਕਾਰਵਾਈ ਦੇ ਵਿਰੋਧ ਵਿੱਚ ਲੋਕ ਸੜਕ ’ਤੇ ਪ੍ਰਦਰਸ਼ਨ ਕਰ ਰਹੇ ਹਨ। ਲੋਕਾਂ ਨੇ ਸੜਕ 'ਤੇ ਹੀ ਬੁਲਡੋਜ਼ਰ ਰੋਕ ਦਿੱਤਾ ਹੈ।

ਦੱਸ ਦਈਏ ਕਿ SDMC ਨੇ ਸ਼ਾਹੀਨ ਬਾਗ ਸਮੇਤ ਕਈ ਖੇਤਰਾਂ ਤੋਂ ਕਬਜ਼ੇ ਹਟਾਉਣ ਲਈ ਕਥਿਤ ਤੌਰ 'ਤੇ 10 ਦਿਨਾਂ ਦੀ ਯੋਜਨਾ ਬਣਾਈ ਹੈ।ਐਸਡੀਐਮਸੀ ਦੀ ਸਥਾਈ ਕਮੇਟੀ (ਸੈਂਟਰਲ ਜ਼ੋਨ) ਦੇ ਚੇਅਰਮੈਨ ਰਾਜਪਾਲ ਨੇ ਕਿਹਾ ਕਿ ਨਗਰ ਪਾਲਿਕਾ ਆਪਣਾ ਕੰਮ ਕਰੇਗੀ ਤੇ ਜਿੱਥੇ ਕਿਤੇ ਵੀ ਕਬਜ਼ੇ ਹਨ, ਉਸ ਨੂੰ ਹਟਾਇਆ ਜਾਵੇਗਾ। ਸਾਡੇ ਕਰਮਚਾਰੀ ਅਤੇ ਅਧਿਕਾਰੀ ਤਿਆਰ ਹਨ। ਕਬਜ਼ਿਆਂ ਨੂੰ ਹਟਾਉਣ ਲਈ ਟੀਮਾਂ ਤੇ ਬੁਲਡੋਜ਼ਰ ਤਾਇਨਾਤ ਕਰ ਦਿੱਤੇ ਗਏ ਹਨ, ਜਿੱਥੇ ਵੀ ਅਜਿਹਾ ਹੋਵੇਗਾ, ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ। ਐਸਡੀਐਮਸੀ ਤੁਗਲਕਾਬਾਦ, ਸੰਗਮ ਵਿਹਾਰ, ਨਿਊ ਫਰੈਂਡਜ਼ ਕਲੋਨੀ ਅਤੇ ਸ਼ਾਹੀਨ ਬਾਗ ਵਿੱਚ ਕਬਜ਼ੇ ਵਿਰੁੱਧ ਬੁਲਡੋਜ਼ਰ ਚਲਾਉਣ ਲਈ ਤਿਆਰ ਹੈ।