MEA has taken the initiative to send 50,000 mt of wheat as humanitarian aid: Rahul Nangare
ਅੰੰਮ੍ਰਿਤਸਰ: ਖੁਰਾਕ ਸੰਕਟ ਨਾਲ ਜੂਝ ਰਹੇ ਅਫਗਾਨਿਸਤਾਨ ਲਈ ਭਾਰਤ ਦੀ ਮਦਦ ਦੀ ਪੰਜਵੀਂ ਖੇਪ ਅਟਾਰੀ-ਵਾਹਗਾ ਸਰਹੱਦ ਰਾਹੀਂ ਰਵਾਨਾ ਹੋ ਗਈ ਹੈ। 2000 ਮੀਟ੍ਰਿਕ ਟਨ ਕਣਕ ਦਾ ਪੰਜਵਾਂ ਕਾਫਲਾ ਅੱਜ ਅਫਗਾਨਿਸਤਾਨ ਭੇਜਿਆ ਗਿਆ। ਇਸ ਨਾਲ ਭਾਰਤ ਹੁਣ ਤੱਕ ਉਸ ਨੂੰ ਕੁੱਲ 10000 ਮੀਟ੍ਰਿਕ ਟਨ ਕਣਕ ਭੇਜ ਚੁੱਕਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਅਫਗਾਨਿਸਤਾਨ ਨੂੰ 10,000 ਮੀਟ੍ਰਿਕ ਟਨ ਕਣਕ ਦੀ ਸਹਾਇਤਾ ਦੀ ਖੇਪ ਸਫਲਤਾਪੂਰਵਕ ਪੂਰੀ ਹੋ ਗਈ ਹੈ। ਸਾਡੇ ਸਾਥੀਆਂ ਦਾ ਧੰਨਵਾਦ।
ਦੱਸ ਦੇਈਏ ਕਿ ਅਫਗਾਨਿਸਤਾਨ ਦੀ ਮਦਦ ਲਈ ਭਾਰਤ ਨੇ ਮਨੁੱਖੀ ਆਧਾਰ 'ਤੇ 50 ਹਜ਼ਾਰ ਟਨ ਕਣਕ ਉਸ ਨੂੰ ਭੇਜਣ ਦਾ ਐਲਾਨ ਕੀਤਾ ਸੀ। ਜਿਸ ਚੋਂ 10000 ਟਨ ਕਣਕ ਅਫਗਾਨਿਸਤਾਨ ਭੇਜੀ ਗਈ ਹੈ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਭਾਰਤ ਦੀ ਇਸ ਮਦਦ ਦਾ ਸਵਾਗਤ ਕੀਤਾ ਸੀ।
7 ਅਕਤੂਬਰ 2021 ਨੂੰ ਭਾਰਤ ਨੇ ਅਫਗਾਨਿਸਤਾਨ ਨੂੰ ਮਨੁੱਖੀ ਮਦਦ ਵਜੋਂ 50 ਹਜ਼ਾਰ ਟਨ ਕਣਕ, ਦਵਾਈਆਂ ਅਤੇ ਮੈਡੀਕਲ ਉਪਕਰਣ ਭੇਜਣ ਦਾ ਐਲਾਨ ਕੀਤਾ ਸੀ। 2500 ਟਨ ਕਣਕ ਦੀ ਪਹਿਲੀ ਖੇਪ ਅੰਮ੍ਰਿਤਸਰ ਤੋਂ ਟਰੱਕ ਰਾਹੀਂ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਪਹੁੰਚੀ।
ਦੱਸ ਦਈਏ ਕਿ ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੇ ਹਾਲਾਤ ਕਾਫੀ ਖ਼ਰਾਬ ਹੋ ਗਏ ਹਨ। ਉਥੋਂ ਦੇ ਲੋਕ ਭੁੱਖਮਰੀ ਅਤੇ ਭੋਜਨ ਸੰਕਟ ਨਾਲ ਜੂਝ ਰਹੇ ਹਨ। ਅਫਗਾਨਿਸਤਾਨ ਦੇ ਜ਼ਿਆਦਾਤਰ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਅਜਿਹੇ 'ਚ ਭਾਰਤ ਵੱਲੋਂ ਦਿੱਤੀ ਜਾ ਰਹੀ ਇਹ ਮਨੁੱਖੀ ਮਦਦ ਅਫਗਾਨਿਸਤਾਨ ਲਈ ਉਮੀਦ ਜਗਾਉਂਦੀ ਹੈ।