ਸ਼੍ਰੀਨਗਰ: ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਆਪਣੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ (PDP) ਦੇ ਦੋ ਰਾਜ ਸਭਾ ਮੈਂਬਰਾਂ ਨੂੰ ਪਾਰਲੀਮੈਂਟ ਤੋਂ ਅਸਤੀਫ਼ਾ ਦੇਣ ਨੂੰ ਕਿਹਾ ਹੈ। ਘਾਟੀ ਵਿੱਚ ਲਗਾਤਾਰ ਚੌਥੇ ਦਿਨ ਵੀ ਮਹਿਬੂਬਾ ਮੁਫ਼ਤੀ ਨੂੰ ਨਜ਼ਰਬੰਦ ਕਰੀ ਰੱਖਿਆ। ਇਸ ਦੌਰਾਨ ਉਨ੍ਹਾਂ ਆਪਣੇ ਸੰਸਦ ਮੈਂਬਰਾਂ ਨੂੰ ਇਹ ਸੁਨੇਹਾ ਪਹੁੰਚਾ ਦਿੱਤਾ ਹੈ।


ਪੀਡੀਪੀ ਦੇ ਦੋਵੇਂ ਐਮਪੀਜ਼ ਨੇ ਸੋਮਵਾਰ ਨੂੰ ਜਦ ਆਰਟੀਕਲ 370 ਸੋਧ ਬਿਲ ਪੇਸ਼ ਹੋ ਰਿਹਾ ਸੀ, ਉਦੋਂ ਸੰਵਿਧਾਨ ਦੀਆਂ ਕਾਪੀਆਂ ਪਾੜੀਆਂ ਸਨ। ਇਸ ਲਈ ਦੋਵਾਂ ਨੂੰ ਜ਼ਬਰਦਸਤੀ ਸਦਨ ਵਿੱਚੋਂ ਬਾਹਰ ਕੱਢਿਆ ਗਿਆ। ਇਸ ਧੱਕਾਮੁੱਕੀ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਵਿਜੇ ਗੋਇਲ ਨੇ ਵੀ ਪੀਡੀਪੀ ਦੇ ਐਮਪੀਜ਼ ਨੂੰ ਧੱਕਾ ਮਾਰਿਆ ਸੀ।

ਇਸ ਤੋਂ ਬਾਅਦ ਦੋਵਾਂ ਸੰਸਦ ਮੈਂਬਰਾਂ ਨੂੰ ਜੰਮੂ ਤੇ ਕਸ਼ਮੀਰ ਦੇ ਪੁਨਰਗਠਨ ਸਬੰਧੀ ਬਿਲ 'ਤੇ ਬਹਿਸ ਦੌਰਾਨ ਹਿੱਸਾ ਵੀ ਨਹੀਂ ਲੈਣ ਦਿੱਤਾ ਗਿਆ। ਇਸ ਤੋਂ ਬਾਅਦ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਦੋਵਾਂ ਨੂੰ ਅਸਤੀਫਾ ਦੇਣ ਬਾਰੇ ਕਿਹਾ ਹੈ।